
ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਗਸ਼ਤ ਦੌਰਾਨ ਦੋਵੇਂ ਨੌਜਵਾਨ ਸ਼ੱਕੀ ਹਾਲਤ ਵਿੱਚ ਦਿਖਾਈ ਦਿੱਤੇ ਸਨ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸੈਂਡੀ ਅਤੇ ਰੋਬਿਨ ਸਿੰਘ ਉਰਫ਼ ਘੁੱਦਾ ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਦੋਵਾਂ ਖ਼ਿਲਾਫ਼ ਪਹਿਲਾਂ ਵੀ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਕੋਟਕਪੂਰਾ ਰੋਡ ’ਤੇ ਸਰਹਿੰਦ ਨਹਿਰ ਦੇ ਨਾਲ ਲੱਗਦੀ ਅੰਦਰੂਨੀ ਪਟੜੀ ਰਾਹੀਂ ਜਾ ਰਹੀ ਪੁਲਿਸ ਪਾਰਟੀ ਨੂੰ ਡੋਗਰ ਬਸਤੀ ਵੱਲ ਜਾਂਦੇ ਕੱਚੇ ਰਸਤੇ ਦੇ ਮੋੜ ’ਤੇ ਦੋ ਮੋਨੇ ਨੌਜਵਾਨ ਬੈਠੇ ਦਿਖਾਈ ਦਿੱਤੇ, ਜੋ ਇੱਕ ਕਾਲੇ ਰੰਗ ਦੇ ਮੋਮੀ ਲਿਫ਼ਾਫ਼ੇ ਵਿੱਚ ਫਰੋਲਾ-ਫਰਾਲੀ ਕਰ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਨੌਜਵਾਨ ਘਬਰਾ ਗਏ ਅਤੇ ਉਨ੍ਹਾਂ ਨੇ ਆਪਣੇ ਕੋਲ ਮੌਜੂਦ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਸੁੱਟ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਵੱਲੋਂ ਲਿਫ਼ਾਫ਼ੇ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿੱਚ ਨਸ਼ੀਲਾ ਪਦਾਰਥ ਹੈਰੋਇਨ ਅਤੇ ਇੱਕ ਸਿਲਵਰ ਰੰਗ ਦਾ ਕੰਪਿਊਟਰ ਕੰਡਾ ਬਰਾਮਦ ਹੋਇਆ। ਨਸ਼ੀਲੇ ਪਦਾਰਥ ਦੀ ਜਾਂਚ ਕਰਨ ਉਪਰੰਤ ਹੈਰੋਇਨ ਦੀ ਪੁਸ਼ਟੀ ਹੋਈ, ਜਿਸ ਦਾ ਵਜ਼ਨ 100 ਗ੍ਰਾਮ ਪਾਇਆ ਗਿਆ। ਇਸ ਉਪਰੰਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸੈਂਡੀ ਪੁੱਤਰ ਗੁਰਜੰਟ ਸਿੰਘ, ਵਾਸੀ ਗਲੀ ਨੰਬਰ 01, ਦਸ਼ਮੇਸ਼ ਨਗਰ, ਫ਼ਰੀਦਕੋਟ ਅਤੇ ਰੋਬਿਨ ਸਿੰਘ ਉਰਫ਼ ਘੁੱਦਾ ਪੁੱਤਰ ਮੈਥਿਊਨ, ਵਾਸੀ ਨੇੜੇ ਗੇਟ ਨੰਬਰ 05, ਛਾਉਣੀ, ਪਿੰਡ ਕੰਮੇਆਣਾ ਵਜੋ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਇਹਨਾ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਦੋਸ਼ੀਆ ਦੇ ਖਿਲਾਫ ਪਹਿਲਾ ਵੀ ਸੰਗੀਨ ਧਾਰਾਵਾ ਤਹਿਤ ਮਾਮਲੇ ਦਰਜ ਰਜਿਸਟਰ ਹਨ।

