ਕੋਟਕਪੂਰਾ ’ਚ ਦੀਵਾਲੀ ਮੌਕੇ ਦਿਨ-ਦਿਹਾੜੇ ਵੱਡੀ ਚੋਰੀ/ ਘਰ ’ਚੋਂ 15 ਤੋਲੇ ਸੋਨਾ ਤੇ 6 ਲੱਖ ਦੀ ਨਕਦੀ ਚੋਰੀ/ ਸਤਿਸੰਗ ’ਤੇ ਗਿਆ ਸੀ ਪਰਿਵਾਰ, ਪੁਲਿਸ ਕਰ ਰਹੀ ਜਾਂਚ

0
1

 

ਕੋਟਕਪੂਰਾ ਵਿੱਚ ਚੋਰਾਂ ਵੱਲੋਂ ਦਿਵਾਲੀ ਵਾਲੇ ਦਿਨ ਇੱਕ ਘਰ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਜੈਤੋ ਚੁੰਗੀ ਨੇੜੇ ਦਿਨ-ਦਿਹਾੜੇ ਹੋਈ ਚੋਰੀ ਦੀ ਇਸ ਵਾਰਦਾਤ ਵਿੱਚ ਚੋਰ ਕਰੀਬ 15 ਤੋਲੇ ਸੋਨੇ ਦੇ ਗਹਿਣੇ ਅਤੇ 6 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਸਮੇਂ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਸਤਿਸੰਗ ਲਈ ਗਿਆ ਹੋਇਆ ਸੀ। ਮੁੱਢਲੀ ਜਾਣਕਾਰੀ ਮੁਤਾਬਕ ਚੋਰ ਛੱਤ ਦੇ ਰਸਤੇ ਘਰ ਅੰਦਰ ਦਾਖਲ ਹੋਏ ਅਤੇ ਸ਼ੀਸ਼ੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਮਾਮਲਾ ਜਲਦ ਟਰੇਸ ਕਰਨ ਦੀ ਹਦਾਇਤ ਕੀਤੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਜੈਤੋ ਚੁੰਗੀ ਨੇੜੇ ਰਹਿਣ ਵਾਲੇ ਫਤਿਹ ਚੰਦ ਛਾਬੜਾ ਦਾ ਪਰਿਵਾਰ ਅੱਜ ਸਵੇਰੇ ਕਰੀਬ 9 ਵਜੇ ਪਿੰਡ ਸੰਧਵਾਂ ਸਥਿਤ ਡੇਰਾ ਰਾਧਾ ਸੁਆਮੀ ਵਿਖੇ ਸਤਿਸੰਗ ਕਰਨ ਲਈ ਗਿਆ ਹੋਇਆ ਸੀ। ਜਦੋਂ ਪਰਿਵਾਰਕ ਮੈਂਬਰ ਕਰੀਬ 11 ਵਜੇ ਘਰ ਵਾਪਸ ਪਰਤੇ ਤਾਂ ਘਰ ਅੰਦਰ ਸਾਮਾਨ ਖਿੱਲਰਿਆ ਹੋਇਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੀ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਅਣਪਛਾਤੇ ਚੋਰ 15 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 6 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚੋਰ ਛੱਤ ਦੇ ਰਸਤੇ ਘਰ ਅੰਦਰ ਦਾਖਲ ਹੋਏ ਅਤੇ ਸ਼ੀਸ਼ੇ ਤੋੜ ਕੇ ਕਮਰਿਆਂ ਵਿੱਚ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚ ਪਈ ਨਗਦੀ ਅਤੇ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ਼ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਨੂੰ ਜਲਦ ਤੋਂ ਜਲਦ ਟਰੇਸ ਕਰਨ ਦੀ ਹਦਾਇਤ ਕੀਤੀ। ਪਰਿਵਾਰ ਦੇ ਇੱਕ ਕਰੀਬੀ ਵਿਜੇ ਨਰੂਲਾ ਨੇ ਦੱਸਿਆ ਕਿ ਘਟਨਾ ਸਮੇਂ ਸਾਰਾ ਪਰਿਵਾਰ ਸਤਿਸੰਗ ਲਈ ਗਿਆ ਹੋਇਆ ਸੀ ਅਤੇ ਪਿੱਛੋਂ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ।

LEAVE A REPLY

Please enter your comment!
Please enter your name here