ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮੌਕੇ ਦੀਪਮਾਲਾ/ ਲੱਖਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੀਤੀ ਅਰਦਾਸ/ ਦੀਵਿਆਂ ਦੀ ਰੌਸ਼ਨੀ ਤੇ ਆਤਿਸ਼ਬਾਜ਼ੀ ਨੇ ਮੋਹਿਆ ਸੰਗਤ ਦਾ ਮਨ By admin - November 9, 2026 0 2 Facebook Twitter Pinterest WhatsApp ‘ਦਾਲ-ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’—ਇਹ ਕਹਾਵਤ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਰੀ ਤਰ੍ਹਾਂ ਸੱਚ ਸਾਬਤ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ ਅਤੇ ਗੁਰੂ ਘਰ ਦੀ ਮਨਮੋਹਕ ਦਿੱਖ ਨੇ ਹਰ ਕਿਸੇ ਦਾ ਮਨ ਮੋਹ ਲਿਆ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰੰਗ-ਬਿਰੰਗੀਆਂ ਬਿਜਲਈ ਲੜੀਆਂ ਨਾਲ ਸਜਾਇਆ ਗਿਆ ਅਤੇ ਸੰਗਤ ਵੱਲੋਂ ਪਰਿਕਰਮਾ ਵਿੱਚ ਹਜ਼ਾਰਾਂ ਦੀਵੇ ਜਗਾਏ ਗਏ। ਅੰਮ੍ਰਿਤ ਸਰੋਵਰ ਵਿੱਚ ਦੀਵਿਆਂ ਦੀ ਸੁਨਹਿਰੀ ਰੌਸ਼ਨੀ ਦਾ ਪ੍ਰਤੀਬਿੰਬ ਅਤੇ ਅਸਮਾਨ ਵਿੱਚ ਹੋਈ ਸ਼ਾਨਦਾਰ ਆਤਿਸ਼ਬਾਜ਼ੀ ਨੇ ਪੂਰੇ ਮਾਹੌਲ ਨੂੰ ਅਲੌਕਿਕ ਬਣਾ ਦਿੱਤਾ। ਸ਼ਾਮ ਢਲਦਿਆਂ ਹੀ ਸ਼ਰਧਾਲੂਆਂ ਵੱਲੋਂ ਪਵਿੱਤਰ ਪਰਿਕਰਮਾ ਵਿੱਚ ਦੇਸੀ ਘਿਓ ਅਤੇ ਤੇਲ ਦੇ ਹਜ਼ਾਰਾਂ ਦੀਵੇ ਜਗਾਏ ਗਏ। ਜਦੋਂ ਜਗਦੇ ਹੋਏ ਦੀਵਿਆਂ ਦੀ ਸੁਨਹਿਰੀ ਰੌਸ਼ਨੀ ਪਵਿੱਤਰ ਅੰਮ੍ਰਿਤ ਸਰੋਵਰ ਦੇ ਜਲ ਵਿੱਚ ਝਲਕਣ ਲੱਗੀ ਤਾਂ ਅਜਿਹਾ ਪ੍ਰਤੀਤ ਹੋ ਰਿਹਾ ਸੀ, ਜਿਵੇਂ ਅਸਮਾਨ ਦੇ ਤਾਰੇ ਧਰਤੀ ‘ਤੇ ਉਤਰ ਆਏ ਹੋਣ। ਇਸ ਉਪਰੰਤ ਹੋਈ ਮਨਮੋਹਕ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਨੇ ਅਸਮਾਨ ਨੂੰ ਵੱਖ-ਵੱਖ ਰੰਗਾਂ ਨਾਲ ਰੰਗੀਨ ਕਰ ਦਿੱਤਾ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੰਦੀ ਛੋੜ ਦਿਵਸ ਪੂਰੀ ਸ਼ਰਧਾ, ਮਰਿਆਦਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਸਟਾਫ਼ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਸਨ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਦਰਸ਼ਨ-ਦੀਦਾਰ, ਲੰਗਰ, ਰਿਹਾਇਸ਼ ਜਾਂ ਪਰਿਕਰਮਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਲੈ ਕੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਪਾਵਨ ਉਤਸਵ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸ਼ਰਧਾਲੂਆਂ ਦੇ ਚਿਹਰਿਆਂ ‘ਤੇ ਗੁਰੂ ਘਰ ਦੇ ਦਰਸ਼ਨ ਕਰਕੇ ਮਿਲੀ ਅਥਾਹ ਸ਼ਾਂਤੀ ਅਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਕੋਲਕਾਤਾ ਤੋਂ ਪਹੁੰਚੇ ਸ਼ਰਧਾਲੂ ਅਤੇ ਆਈ.ਐੱਚ.ਏ. ਫਾਊਂਡੇਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਅਹਲੂਵਾਲੀਆ ਨੇ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਇਹ ਅਲੌਕਿਕ ਦਿੱਖ ਅਤੇ ਦੀਪਮਾਲਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰੋਵਰ ਵਿੱਚ ਦੀਵਿਆਂ ਦਾ ਪ੍ਰਤੀਬਿੰਬ ਅਤੇ ਅਸਮਾਨ ਵਿੱਚ ਆਤਿਸ਼ਬਾਜ਼ੀ ਦਾ ਇਹ ਰੂਹਾਨੀ ਨਜ਼ਾਰਾ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਆ ਕੇ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੀਦਾ ਹੈ। ਉੱਥੇ ਹੀ ਸ੍ਰੀ ਚਮਕੌਰ ਸਾਹਿਬ ਤੋਂ ਪਹਿਲੀ ਵਾਰ ਪਹੁੰਚੇ ਸ਼ਰਧਾਲੂ ਦਲੇਰ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਪਾਵਨ ਨਗਰੀ ਵਿੱਚ ਆ ਕੇ ਉਨ੍ਹਾਂ ਦੇ ਮਨ ਨੂੰ ਅਥਾਹ ਸ਼ਾਂਤੀ ਮਿਲੀ ਹੈ। ਉਨ੍ਹਾਂ ਗੁਰੂ ਚਰਨਾਂ ਵਿੱਚ ਸੀਸ ਨਿਵਾ ਕੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਸਮੁੱਚੇ ਸੰਸਾਰ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦੇਰ ਰਾਤ ਤੱਕ ਗੁਰੂ ਨਗਰੀ ਵਿੱਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਸ਼ਰਧਾ ਅਤੇ ਆਸਥਾ ਦਾ ਪ੍ਰਵਾਹ ਨਿਰੰਤਰ ਜਾਰੀ ਰਿਹਾ।