ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਪੈਟਰੋਲ ਪੰਪ ਦੀ ਲੁੱਟ/ ਹਵਾਈ ਫਾਇਰਿੰਗ ਕਰਨ ਬਾਅਦ ਅੰਜ਼ਾਮ ਦਿੱਤੀ ਵਾਰਦਾਤ/ ਸੇਲਜ਼ਮੈਨ ਤੋਂ ਨਕਦੀ ਖੋਹ ਕੇ ਲੁਟੇਰੇ ਫਰਾਰ

0
1

ਅੰਮ੍ਰਿਤਸਰ ਵਿੱਚ ਬੇਖ਼ੌਫ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਰਨਤਾਰਨ ਰੋਡ ’ਤੇ ਸਥਿਤ ਨਾਮਧਾਰੀ ਫਿਊਲ ਸਟੇਸ਼ਨ ’ਤੇ ਪਹੁੰਚੇ ਹਥਿਆਰਬੰਦ ਲੁਟੇਰਿਆਂ ਨੇ ਪਹਿਲਾਂ ਹਵਾਈ ਫਾਇਰ ਕਰ ਕੇ ਦਹਿਸ਼ਤ ਫੈਲਾਈ ਅਤੇ ਫਿਰ ਸੇਲਜ਼ਮੈਨ ਕੋਲੋਂ 12 ਹਜ਼ਾਰ 238 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ, ਜਦੋਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਭੱਜਦਿਆਂ ਮੁੜ ਫਾਇਰਿੰਗ ਕੀਤੀ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਰਦਾਤ ਦੀਆਂ ਤਸਵੀਰਾਂ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੁਲਿਸ ਨੇ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੂੰਹ ਢੱਕ ਕੇ ਆਏ ਅਣਪਛਾਤੇ ਹਮਲਾਵਰਾਂ ਨੇ ਪਹਿਲਾਂ ਪਿਸਤੌਲ ਦਿਖਾ ਕੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਡਰਾਇਆ-ਧਮਕਾਇਆ ਅਤੇ ਫਿਰ ਸੇਲਜ਼ਮੈਨ ਕੋਲੋਂ 12,238 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਵੀਰਪਾਲ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ 13 ਤਾਰੀਖ਼ ਦੀ ਸ਼ਾਮ ਕਰੀਬ 7 ਵਜੇ ਤੋਂ 7:25 ਵਜੇ ਦਰਮਿਆਨ ਵਾਪਰੀ। ਉਨ੍ਹਾਂ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਆਪਣੇ ਮੂੰਹ ਕੱਪੜਿਆਂ ਨਾਲ ਢੱਕ ਕੇ ਅਚਾਨਕ ਪੈਟਰੋਲ ਪੰਪ ’ਤੇ ਪਹੁੰਚੇ। ਉਨ੍ਹਾਂ ਕੋਲ ਪਿਸਤੌਲ ਸੀ। ਪੈਟਰੋਲ ਪੰਪ ’ਤੇ ਆਉਂਦਿਆਂ ਹੀ ਲੁਟੇਰਿਆਂ ਨੇ ਹਵਾਈ ਫਾਇਰ ਕੀਤਾ, ਜਿਸ ਨਾਲ ਉੱਥੇ ਮੌਜੂਦ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਤੇਲ ਪਾਉਣ ਵਾਲੇ ਸੇਲਜ਼ਮੈਨ ਨਾਲ ਖੋਹ-ਖੋਹਾਈ ਕੀਤੀ ਅਤੇ ਉਸ ਕੋਲੋਂ 12,238 ਰੁਪਏ ਦੀ ਨਕਦੀ ਖੋਹ ਲਈ।
ਵੀਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਫਰਾਰ ਹੁੰਦਿਆਂ ਮੁੜ ਫਾਇਰਿੰਗ ਕੀਤੀ। ਇਸ ਦੌਰਾਨ ਚੱਲੀਆਂ ਗੋਲੀਆਂ ਵਿੱਚੋਂ ਇੱਕ ਪੈਟਰੋਲ ਪੰਪ ਦੇ ਸ਼ੈੱਡ ’ਤੇ ਅਤੇ ਦੂਜੀ ਦਫ਼ਤਰ ਦੇ ਸ਼ੀਸ਼ੇ ’ਤੇ ਲੱਗੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਵੀ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਪੈਟਰੋਲ ਪੰਪ ਤੋਂ ਬਾਹਰ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਸ਼ਹਿਰ ਵੱਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਅਤੇ ਐੱਸਐੱਚਓ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:20 ਵਜੇ ਗੁਰੂਵਾਲੀ ਨੇੜੇ ਸਥਿਤ ਫਿਊਲ ਪੰਪ ’ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਅਤੇ ਮੁਲਜ਼ਮਾਂ ਦੇ ਫਰਾਰ ਹੋਣ ਵਾਲੇ ਰਸਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪੈਟਰੋਲ ਪੰਪ ਦੇ ਮਾਲਕ ਵੀਰਪਾਲ ਸਿੰਘ ਨੇ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਪੁਲਿਸ ਗਸ਼ਤ ਅਤੇ ਪੀਸੀਆਰ ਦੀਆਂ ਗਤੀਵਿਧੀਆਂ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਰੋਡ ’ਤੇ ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਕਾਰੋਬਾਰੀਆਂ ਅਤੇ ਕਰਮਚਾਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਪੁਲਿਸ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here