ਪੰਜਾਬ ਸੰਗਰੂਰ ਦੀ ਐਥਨੋਲ ਫੈਕਟਰੀ ਬੰਦ ਕਰਵਾਉਣ ’ਤੇ ਅੜੇ ਲੋਕ/ ਇਕ ਮਹੀਨੇ ਤੋਂ ਚੱਲ ਰਿਹਾ ਪੱਕਾ ਮੋਰਚਾ, ਦੋ ਦਿਨਾਂ ਤੋਂ ਰੋਡ ਜਾਮ/ ਫੈਕਟਰੀ ਬੰਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ By admin - October 10, 2026 0 1 Facebook Twitter Pinterest WhatsApp ਸੰਗਰੂਰ ਦੇ ਧੂਰੀ ਨੇੜਲੇ ਪਿੰਡ ਜਹਾਂਗੀਰ ਦੀ ਐਥਨੋਲ ਫੈਕਟਰੀ ਨੂੰ ਲੈ ਕੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਫੈਕਟਰੀ ਦੇ ਬਾਹਰ ਪਿਛਲੇ ਇੱਕ ਮਹੀਨੇ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪਿਛਲੇ ਦੋ ਦਿਨਾਂ ਤੋਂ ਸੜਕ ’ਤੇ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ। ਦੂਜੇ ਪਾਸੇ, ਫੈਕਟਰੀ ਪ੍ਰਬੰਧਕ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਸੇ ਵੀ ਸਮੇਂ ਜਾਂਚ ਕਰਵਾਉਣ ਦੀ ਚੁਣੌਤੀ ਦੇ ਰਹੇ ਹਨ। ਇਸੇ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਫੈਕਟਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਮੁਤਾਬਕ ਫੈਕਟਰੀ ਦੀ ਸੁਆਹ ਹਵਾਂ ਵਿਚ ਫੈਲਣ ਕਾਰਨ ਕਾਲਖ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਫੈਕਟਰੀ ਬੰਦ ਕਰਨ ਦੀ ਮੰਗ ਪੂਰੀ ਨਹੀਂ ਹੁੰਦੀ, ਸੰਘਰਸ਼ ਜਾਰੀ ਰਹੇਗਾ। ਧਰਨੇ ਵਾਲੀ ਥਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਅਤੇ ਪਿੰਡਾਂ ਦੇ ਲੋਕ ਫੈਕਟਰੀ ਦੇ ਬਾਹਰ ਡਟੇ ਹੋਏ ਹਨ। ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਬੀਬੀਆਂ ਵੱਲੋਂ ਸੜਕ ’ਤੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫੈਕਟਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਹੁੰਦੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ, ਪਰ ਮਸਲੇ ਦਾ ਹੱਲ ਨਾ ਹੋਣ ਕਾਰਨ ਹੁਣ ਉਨ੍ਹਾਂ ਨੇ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਫੈਕਟਰੀ ਦੇ ਬਾਹਰ ਸੜਕ ’ਤੇ ਆਵਾਜਾਈ ਵੀ ਬੰਦ ਕੀਤੀ ਹੋਈ ਹੈ। ਜਸਪਾਲ ਸਿੰਘ ਜੱਸਾ ਦਾ ਕਹਿਣਾ ਹੈ ਕਿ ਫੈਕਟਰੀ ਕਾਰਨ ਆਸ-ਪਾਸ ਦੇ ਲੋਕਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਧਰਨੇ ਵਿੱਚ ਬੈਠੀ ਬੀਬੀ ਗਗਨਦੀਪ ਕੌਰ ਦਾ ਕਹਿਣਾ ਹੈ ਕਿ ਫੈਕਟਰੀ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਫੈਕਟਰੀ ਦੇ ਕੰਮਕਾਜ ਬਾਰੇ ਪੂਰੀ ਜਾਣਕਾਰੀ ਹੁੰਦੀ ਤਾਂ ਉਹ ਇਸ ਦਾ ਵਿਰੋਧ ਕਰਦੇ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਨੂੰ ਨੋਟਿਸ ਜਾਰੀ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਫੈਕਟਰੀ ਵਿੱਚ ਪਰਾਲੀ ਦੀਆਂ ਗੰਢਾਂ ਦੀ ਪ੍ਰਕਿਰਿਆ ਤੋਂ ਬਾਅਦ ਬਚਣ ਵਾਲੀ ਸੁਆਹ ਨੂੰ ਟਰੱਕਾਂ ਰਾਹੀਂ ਬਾਹਰ ਲਿਜਾਇਆ ਜਾਂਦਾ ਹੈ ਅਤੇ ਉਸ ਵਿੱਚੋਂ ਪਾਣੀ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਹੈ। ਇਸ ਨੋਟਿਸ ਦਾ ਜਵਾਬ ਦੇਣ ਲਈ 22 ਅਕਤੂਬਰ ਦੀ ਅੰਤਿਮ ਤਰੀਕ ਦੱਸੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਦੀ ਜਾਂਚ ਅਤੇ ਫੈਕਟਰੀ ਦੇ ਜਵਾਬ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ।