ਮੋਗਾ ’ਚ ਬਜਰੰਗ ਦਲ ਕਾਰਕੁੰਨਾਂ ਨੇ ਘੇਰਿਆ ਪਸ਼ੂਆਂ ਦਾ ਭਰਿਆ ਟਰੱਕ/ ਬੇਹੱਦ ਮਾੜੀ ਹਾਲਤ ’ਚ ਲੱਦੇ ਕਈ ਦਰਜਨ ਪਸ਼ੂ/ ਬਜਰੰਗ ਦਲ ਆਗੂਆਂ ਨੇ ਮੰਗੀ ਕਾਰਵਾਈ

0
2

ਮੋਗਾ ਜ਼ਿਲ੍ਹੇ ਦੇ ਕੋਟਕਪੂਰਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਜਰੰਗ ਦਲ ਦੇ ਕਾਰਕੁਨਾਂ ਨੇ ਹਰਿਆਣਾ ਨੰਬਰ ਦੇ ਇੱਕ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। ਟਰੱਕ ਵਿਚ ਸੈਂਕੜੇ ਪਸ਼ੂ ਬਹੁਤ ਹੀ ਮਾੜੀ ਹਾਲਤ ਵਿਚ ਲੱਦੇ ਹੋਏ ਸਨ, ਜਿਸ ਨੂੰ ਵੇਖ ਕੇ ਬਦਰੰਗ ਦਲ ਦੇ ਕਾਰਕੁਨ ਭੜਕ ਗਏ। ਬਜਰੰਗ ਦਲ ਦੇ ਕਾਰਕੁਨਾਂ ਦਾ ਇਲਜ਼ਾਮ ਸੀ ਕਿ ਟਰੱਕ ਵਿੱਚ 13 ਤੋਂ 14 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫਰਾਰ ਹੋ ਗਏ, ਜਦਕਿ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਅਤੇ ਕਾਰਕੁਨਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਕਾਰਕੁਨਾਂ ਨੇ ਪੁਲਿਸ ਦੀ ਕਾਰਵਾਈ ’ਤੇ ਸ਼ੱਕ ਜਤਾਉਂਦਿਆਂ ਮੌਕੇ ’ਤੇ ਬਣਦੀ ਕਾਰਵਾਈ ਦੀ ਮੰਗ ਕੀਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਮੀਡੀਆ ਨਾਲ ਗੱਲ ਕਰਦਿਆਂ ਬਜਰੰਗ ਦਲ ਦੇ ਕਾਰਕੁਨ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੇ ਇੱਕ ਟਰੱਕ ਵਿੱਚ ਵੱਡੀ ਗਿਣਤੀ ਵਿੱਚ ਗਊਆਂ ਨੂੰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਟਰੱਕ ਨੂੰ ਰੋਕਿਆ ਗਿਆ ਤਾਂ ਅੰਦਰ 12 ਤੋਂ 13 ਲੋਕ ਸਨ, ਪਰ ਜ਼ਿਆਦਾਤਰ ਲੋਕ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ, ਅਤੇ ਸਿਰਫ਼ ਤਿੰਨ ਤੋਂ ਚਾਰ ਨੂੰ ਹੀ ਫੜਿਆ ਗਿਆ। ਉਨ੍ਹਾਂ ਇਸ ਸਬੰਧ ਵਿੱਚ ਸਖ਼ਤ ਪੁਲਿਸ ਕਾਰਵਾਈ ਦੀ ਮੰਗ ਕੀਤੀ।
ਇਸ ਦੌਰਾਨ ਟਰੱਕ ਵਿਚ ਸਵਾਰ ਸ਼ਾਹਰੁਖ ਵਾਸੀ ਸਹਾਰਨਪੁਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਹ ਪਸ਼ੂ  ਮੋਗਾ ਦੀ ਚੜਿੱਕ ਮੰਡੀ ਵਿਚੋਂ ਖਰੀਦੇ ਹਨ, ਜਿਨ੍ਹਾਂ ਨੂੰ ਖਰੜ ਮੰਡੀ ਵਿਚ ਵੇਚਣਾ ਹੈ। ਪਸ਼ੂਆਂ ਦੀ ਮਾੜੀ ਹਾਲਤ ਬਾਰੇ ਇਸ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਹੈ। ਉਸ ਨੇ ਜਵਾਬ ਦਿੱਤਾ ਇਹ ਇੱਕ ਗਲਤੀ ਸੀ; ਅਜਿਹਾ ਦੁਬਾਰਾ ਨਹੀਂ ਹੋਵੇਗਾ। ਦੂਜੇ ਪਾਸੇ ਬਜਰੰਗ ਦਲ ਦੇ ਆਗੂਆਂ ਦਾ ਕਹਿਣਾ ਸੀ ਕਿ ਇਨ੍ਹਾਂ ਨੇ ਸ਼ੁਰੂਆਤ ਵਿਚ ਇਹ ਪਸ਼ੂ ਡੇਰਾ ਬੱਸੀ ਦੇ ਬੁੱਚੜਖਾਨੇ ਵਿਚ ਲਿਜਾਣ ਦੀ ਗੱਲ ਕਬੂਲੀ ਸੀ ਅਤੇ ਹੁਣ ਪੁਲਿਸ ਦੇ ਆਉਣ ਤੋਂ ਬਾਦ ਵਾਰ ਵਾਰ ਬਿਆਨ ਬਦਲ ਰਹੇ ਨੇ। ਬਜਰੰਗ ਦਲ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅਜਿਹੇ ਅਨਸਰਾਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਅਜਿਹੇ ਲੋਕਾਂ ਦੇ ਟਰੱਕਾਂ ਨੂੰ ਅੱਗ ਲਾਉਣਾ ਸ਼ੁਰੂ ਕਰ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੁਲਜਮਾਂ ਖਿਲਾਫ ਪਰਚਾ ਦਰਜ ਕਰ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here