ਪੰਜਾਬ ਖੰਨਾ ਪੁਲਿਸ ਦੀ ਆਪਣੇ ਹੀ ਮੁਲਾਜ਼ਮ ’ਤੇ ਕਾਰਵਾਈ/ 10 ਗਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ/ ਸ਼ਿਕਾਇਤਾਂ ਤੋਂ ਬਾਅਦ ਰੱਖੀ ਜਾ ਰਹੀ ਸੀ ਨਜ਼ਰ By admin - October 6, 2026 0 1 Facebook Twitter Pinterest WhatsApp ਖੰਨਾ ਪੁਲਿਸ ਨੇ ਆਪਣੇ ਹੀ ਮਹਿਕਮੇ ਦੇ ਇਕ ਮੁਲਜ਼ਮ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਾਜਮ ਦੀ ਪਛਾਣ ਸਿਪਾਹੀ ਅਰੁਣ ਸ਼ਰਮਾ ਵਜੋਂ ਹੋਈ ਹੈ। ਡੀਐਸਪੀ ਵਿਨੋਦ ਕੁਮਾਰ ਮੁਤਾਬਕ ਪੁਲਿਸ ਨੂੰ ਮੁਲਾਜਮ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਸ ’ਤੇ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਨੇ ਜਾਲ ਵਿਛਾ ਕੇ 10 ਗਰਾਮ ਨਸ਼ੇ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਬਾਰੇ ਪੁਲਿਸ ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚਲਦਿਆਂ ਉਸ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਸੀ। ਇਸੇ ਦੌਰਾਨ 4 ਅਕਤੂਬਰ ਨੂੰ ਪੁਲਿਸ ਨੂੰ ਇੱਕ ਪੱਕੇ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਮੁਲਜ਼ਮ ਅਰੁਣ ਸ਼ਰਮਾ ਹੈਰੋਇਨ ਲੈ ਕੇ ਕਿਸੇ ਨੂੰ ਸਪਲਾਈ ਕਰਨ ਲਈ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ। ਸ਼ਾਮ ਕਰੀਬ 5 ਵਜੇ ਅਮਲੋਹ ਰੋਡ ’ਤੇ ਸਬਜ਼ੀ ਮੰਡੀ ਦੇ ਪਿੱਛੇ ਜਦੋਂ ਸਿਪਾਹੀ ਪੈਦਲ ਜਾ ਰਿਹਾ ਸੀ ਤਾਂ ਪੁਲਿਸ ਟੀਮ ਨੇ ਉਸ ਨੂੰ ਘੇਰ ਲਿਆ। ਪੁਲਿਸ ਨੂੰ ਦੇਖਦਿਆਂ ਹੀ ਉਸ ਨੇ ਘਬਰਾ ਕੇ ਆਪਣੇ ਹੱਥ ਵਿੱਚ ਫੜਿਆ ਲਿਫ਼ਾਫ਼ਾ ਪੈਰਾਂ ਕੋਲ ਸੁੱਟ ਦਿੱਤਾ। ਜਦੋਂ ਪੁਲਿਸ ਨੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਜਾਣਕਾਰੀ ਅਨੁਸਾਰ ਮੁਲਜ਼ਮ ਅਰੁਣ ਸ਼ਰਮਾ ਸਾਲ 2016 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਉਹ ਖੰਨਾ ਦੇ ਖਾਲਸਾ ਸਕੂਲ ਰੋਡ ਦਾ ਰਹਿਣ ਵਾਲਾ ਹੈ। ਵਿਭਾਗ ਵਿੱਚ ਤਾਇਨਾਤੀ ਦੌਰਾਨ ਉਸ ਦੀ ਕਾਰਜਸ਼ੈਲੀ ਕਾਫ਼ੀ ਸ਼ੱਕੀ ਰਹੀ। ਡਿਊਟੀ ਵਿੱਚ ਗੰਭੀਰ ਲਾਪਰਵਾਹੀ ਅਤੇ ਅਨੁਸ਼ਾਸਨਹੀਣਤਾ ਵਰਤਣ ਕਾਰਨ ਉਸ ਨੂੰ ਪਹਿਲਾਂ ਹੀ ਖੰਨਾ ਪੁਲਿਸ ਲਾਈਨ ਵਿੱਚ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਸ ਦੀਆਂ ਹਰਕਤਾਂ ਵਿੱਚ ਕੋਈ ਸੁਧਾਰ ਨਹੀਂ ਆਇਆ ਅਤੇ ਉਹ ਲਾਈਨ ਹਾਜ਼ਰ ਹੋਣ ਤੋਂ ਬਾਅਦ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਸਿਪਾਹੀ ਨਾ ਸਿਰਫ਼ ਲੰਬੇ ਸਮੇਂ ਤੋਂ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਸੀ, ਸਗੋਂ ਉਹ ਹੋਰ ਤਸਕਰਾਂ ਨਾਲ ਮਿਲ ਕੇ ਹੈਰੋਇਨ ਦੀ ਖਰੀਦ-ਫ਼ਰੋਖ਼ਤ ਦਾ ਧੰਦਾ ਵੀ ਚਲਾ ਰਿਹਾ ਸੀ। ਖੰਨਾ ਦੇ ਸਿਟੀ ਥਾਣਾ-2 ਵਿੱਚ ਮੁਲਜ਼ਮ ਅਰੁਣ ਸ਼ਰਮਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਸ ਗੈਰਕਾਨੂੰਨੀ ਕਾਰੋਬਾਰ ਵਿੱਚ ਉਸ ਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ। ਪੁਲਿਸ ਉਸ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਵੀ ਜਾਂਚ ਕਰ ਰਹੀ ਹੈ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਸੀ ਅਤੇ ਕਿਸ ਨੂੰ ਵੇਚਦਾ ਸੀ, ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।