ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਇਤਰਾਜਯੋਗ ਨਾਅਰੇ ਮਾਮਲਾ/ 2 ਮੁਲਜ਼ਮ ਗ੍ਰਿਫਤਾਰ, 3 ਹੋਰ ਨਾਮਜ਼ਦ/ ਬੱਚਿਆਂ ਨੂੰ ਗੁੰਮਰਾਹ ਕਰ ਕੇ ਅੰਜ਼ਾਮ ਦਿੱਤੀ ਸੀ ਘਟਨਾ

0
1

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ ਕਰਦਿਆਂ ਇਤਰਾਜ਼ਯੋਗ ਨਾਅਰੇ ਲਿਖਣ ਵਾਲੇ ਮਾਮਲੇ ਨੂੰ ਕੁੱਝ ਘੰਟਿਆਂ ਅੰਦਰ ਟਰੇਸ ਕਰ ਕੇ 2 ਦੋਸ਼ੀ ਗ੍ਰਿਫ਼ਤਾਰ ਕੀਤਾ ਹੈ।  ਪੁਲਿਸ ਨੇ ​ਅਮਰੀਕਾ ਵਿਚ ਬੈਠੇ ਗੁਰਪਤਵੰਤ ਪੰਨੂ ਤੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮੁਲਜ਼ਮਾਂ ਨੇ ਬੱਚਿਆਂ ਨੂੰ ਪੈਸੇ ਤੇ ਹੋਰ ਝੂਠੇ ਲਾਲਚ ਦੇ ਕੇ ਵਾਰਦਾਤ ਅੰਜ਼ਾਮ ਕਰਵਾਈ ਸੀ। ਪੁਲਿਸ ਨੇ ਘਟਨਾ ਵਿਚ ਸ਼ਾਮਲ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਤਿੰਨ ਹੋਰਾਂ ਨੂੰ ਨਾਮਜ਼ਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਸੀਪੀ (ਡੀ) ਜਸਕੀਰਤ ਸਿੰਘ ਨੇ ਦੱਸਿਆ ਕਿ 25 ਅਤੇ 26 ਦੀ ਦਰਮਿਆਨੀ ਰਾਤ ਨੂੰ ਡਿਵੀਜ਼ਨ-ਏ ਦੇ ਖੇਤਰ ਅਧੀਨ ਆਉਂਦੀਆਂ ਤਿੰਨ ਪ੍ਰਮੁੱਖ ਥਾਵਾਂ ਰੇਲਵੇ ਸਟੇਸ਼ਨ, ਭੰਡਾਰੀ ਪੁਲ ਅਤੇ ਹਾਲ ਗੇਟ ਦੇ ਨੇੜੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਤਰਾਜ਼ਯੋਗ ਨਾਅਰੇ ਲਿਖੇ ਗਏ ਸਨ। ਇਹ ਨਾਅਰੇ ਰਾਤ ਲਗਭਗ 12:30 ਵਜੇ ਤੋਂ ਬਾਅਦ ਹਨੇਰੇ ਦਾ ਫ਼ਾਇਦਾ ਉਠਾ ਕੇ ਲਿਖੇ ਗਏ ਸਨ। ਇਨ੍ਹਾਂ ਵਿੱਚ ਅਮਰੀਕੀ ਅੰਬੈਸਡਰ ਦੇ ਸੰਦਰਭ ਵਿੱਚ ਗ਼ੈਰ-ਕਾਨੂੰਨੀ ਅਤੇ ਮਾਹੌਲ ਖ਼ਰਾਬ ਕਰਨ ਵਾਲੀ ਭੜਕਾਊ ਸ਼ਬਦਾਵਲੀ ਵਰਤੀ ਗਈ ਸੀ। ਇਸ ਦਾ ਮੁੱਖ ਮਕਸਦ ਸੂਬੇ ਅਤੇ ਦੇਸ਼ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਅਤੇ ਸਨਸਨੀ ਫੈਲਾਉਣਾ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਨੋਜ ਸਿੰਘ (26 ਸਾਲ) ਪੁੱਤਰ ਮੰਗਲ ਸਿੰਘ ਅਤੇ ਅਰਸ਼ਦੀਪ (23 ਸਾਲ), ਦੋਵੇਂ ਵਾਸੀ ਅੰਮ੍ਰਿਤਸਰ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦਾ ਇੱਕ ਸਾਥੀ ਹਰਪ੍ਰੀਤ ਸਿੰਘ, ਯੂ.ਐਸ.ਏ. ਬੈਠਾ ਗੋਰਾ ਅਤੇ ਵਿਦੇਸ਼ ਤੋਂ ਗ਼ੈਰ-ਕਾਨੂੰਨੀ ਗਤੀਵਿਧੀਆਂ ਚਲਾਉਣ ਵਾਲਾ ਗੁਰਪਤਵੰਤ ਸਿੰਘ ਪੰਨੂ (ਰੈਫ਼ਰੈਂਡਮ 2020) ਸ਼ਾਮਲ ਹਨ। ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਅਰਸ਼ਦੀਪ ਮੁੱਖ ਕੜੀ ਸੀ, ਜੋ ਸੋਸ਼ਲ ਮੀਡੀਆ ਐਪ ‘ਸਨੈਪਚੈਟ’ ਰਾਹੀਂ ਸਿੱਧਾ ਅਮਰੀਕਾ ਬੈਠੇ ਵਿਅਕਤੀਆਂ ਦੇ ਸੰਪਰਕ ਵਿੱਚ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਫ਼ਿਲਹਾਲ ਕੋਈ ਪੱਕਾ ਕੰਮ-ਕਾਰ ਨਹੀਂ ਕਰਦੇ ਸਨ। ਦੇਸ਼ ਵਿਰੋਧੀ ਅਨਸਰਾਂ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ, ਸੈਟਲ ਕਰਵਾਉਣ ਅਤੇ ਵੱਡੀ ਰਕਮ ਦੇਣ ਦੇ ਝੂਠੇ ਲਾਲਚ ਦੇ ਕੇ ਵਰਗਲਾਇਆ ਸੀ। ਨੌਜਵਾਨਾਂ ਨੇ ਨਾਅਰੇ ਲਿਖਣ ਤੋਂ ਬਾਅਦ ਮੌਕੇ ‘ਤੇ ਹੀ ਵੀਡੀਓ ਬਣਾ ਕੇ ਸਨੈਪਚੈਟ ਰਾਹੀਂ ਵਿਦੇਸ਼ ਭੇਜੀ ਸੀ। ਹਾਲਾਂਕਿ, ਮੁਲਜ਼ਮਾਂ ਨੂੰ ਲਾਲਚ ਤੋਂ ਇਲਾਵਾ ਕੋਈ ਪੈਸਾ ਨਹੀਂ ਮਿਲਿਆ ਅਤੇ ਉਹ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਫ਼ੋਨਾਂ ਤੋਂ ਸਾਰੀ ਵੀਡੀਓ ਅਤੇ ਡਿਜੀਟਲ ਸਬੂਤ ਬਰਾਮਦ ਕਰ ਲਏ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਸ ਸਾਜ਼ਿਸ਼ ਦੇ ਬਾਕੀ ਪਹਿਲੂਆਂ ਨੂੰ ਬੇਨਕਾਬ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਅਜਿਹੇ ਦੇਸ਼ ਵਿਰੋਧੀ ਅਤੇ ਧੋਖੇਬਾਜ਼ ਅਨਸਰਾਂ ਦੇ ਝੂਠੇ ਝਾਂਸਿਆਂ ਜਾਂ ਪੈਸੇ ਦੇ ਲਾਲਚ ਵਿੱਚ ਨਾ ਆਉਣ, ਕਿਉਂਕਿ ਇਹ ਲੋਕ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਕੇ ਖ਼ੁਦ ਸੁਰੱਖਿਅਤ ਬੈਠੇ ਰਹਿੰਦੇ ਹਨ।

LEAVE A REPLY

Please enter your comment!
Please enter your name here