ਪੰਜਾਬ ਨਸ਼ੇ ਖਿਲਾਫ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ/ ਸਰਕਾਰ ’ਤੇ ਨਸ਼ਿਆਂ ਦੇ ਹੱਕ ’ਚ ਭੁਗਤਣ ਦੇ ਇਲਜ਼ਾਮ/ ਕਿਹਾ, ਚਾਹੇ ਅੰਡੇ ਸੁੱਟੋ ਜਾਂ ਪੱਥਰ, ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਰਹਾਂਗੇ By admin - September 24, 2026 0 1 Facebook Twitter Pinterest WhatsApp ਪੰਜਾਬ ਅੰਦਰ ਨਸ਼ਿਆਂ ਖਿਲਾਫ ਕੱਢੀ ਜਾ ਰਹੀ ਯਾਤਰਾ ਵਿਚ ਹਿੱਸਾ ਲੈਣ ਪਹੁੰਚੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ ਵੱਲ ਤਿੱਖੇ ਹਮਲੇ ਕੀਤੇ। ਸਿਰਸਾ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਨਸ਼ੇ ਕਾਰਨ ਘਰ-ਘਰ ਉਜੜ ਰਹੇ ਹਨ, ਪਰ ਸਰਕਾਰ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਨਸ਼ਾ ਮੁਕਤੀ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਕਾਲੇ ਝੰਡੇ ਦਿਖਾਏ ਜਾਣ ਅਤੇ ਅੰਡੇ-ਟਮਾਟਰ ਸੁੱਟੇ ਜਾਣ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਜਿੰਨੇ ਮਰਜ਼ੀ ਅੰਡੇ ਮਾਰ ਲਓ, ਪੱਥਰ ਅਤੇ ਇੱਟਾਂ ਸੁੱਟ ਲਓ ਪਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਸ ਜੰਗ ਤੋਂ ਪਿੱਛੇ ਨਹੀਂ ਹਟਾਂਗੇ। ਸਿਰਸਾ ਨੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ’ਤੇ ਨਸ਼ਾ ਮਾਫੀਆ ਨੂੰ ਸੁਰੱਖਿਆ ਦੇਣ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੀ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਉਹ ਵੀ ਇਸ ਮੁੱਦੇ ’ਤੇ ਨਸ਼ਾ ਤਸਕਰਾਂ ਦੇ ਬਚਾਅ ਵਾਲੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕੋ ਪਿੰਡ ਵਿੱਚ ਦੋ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇੱਕੋ ਗਲੀ ਦੇ 6 ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਦੌਰਾਨ ਇੱਕ ਪਿੰਡ ਵਿੱਚ 25 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸਿਰਸਾ ਨੇ ਕਿਹਾ ਕਿ ਉਹ ਅਜਿਹੀਆਂ ਮਾਵਾਂ ਨੂੰ ਮਿਲੇ ਹਨ, ਜਿਨ੍ਹਾਂ ਦੇ ਦੋ ਜਾਂ ਤਿੰਨ-ਤਿੰਨ ਪੁੱਤਰ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਉਨ੍ਹਾਂ ਮੁਤਾਬਕ ਕਈ ਘਰਾਂ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਨੌਜਵਾਨਾਂ ਨੇ ਨਸ਼ਾ ਖਰੀਦਣ ਲਈ ਘਰ ਦੇ ਬਰਤਨ, ਪੱਖੇ ਅਤੇ ਇੱਥੋਂ ਤੱਕ ਕਿ ਆਪਣੀਆਂ ਮਾਵਾਂ ਦੇ ਕੱਪੜੇ ਤੱਕ ਵੇਚ ਦਿੱਤੇ। ਸਿਰਸਾ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਸਿਆਸੀ ਇੱਛਾ-ਸ਼ਕਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਈ ਤਾਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਦ੍ਰਿੜਤਾ ਨਾਲ ਹਟਾਇਆ ਗਿਆ। ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਛੱਤੀਸਗੜ੍ਹ ਅਤੇ ਹੋਰ ਇਲਾਕਿਆਂ ਵਿੱਚ ਨਕਸਲਵਾਦ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀ ਸਿਆਸੀ ਇੱਛਾ-ਸ਼ਕਤੀ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਵੀ ਨਸ਼ੇ ਦੇ ਇਸ ਜਾਲ ਤੋਂ ਮੁਕਤ ਕਰਵਾਉਣ ਲਈ ਲੜਾਈ ਜਾਰੀ ਰੱਖੇਗੀ।