ਪੰਜਾਬ ਅੰਮ੍ਰਿਤਸਰ ਪੁਲਿਸ ਦਾ ਨਾਜਾਇਜ਼ ਸ਼ਰਾਬ ਖਿਲਾਫ ਐਕਸ਼ਨ/ ਪਿੰਡ ਭਿੰਡੀ ਔਲਖ ਤੇ ਸੱਯਦਾਂ ’ਚ ਛਾਪੇਮਾਰੀ/ 2 ਲੱਖ ਲੀਟਰ ਲਾਹਣ ਤੇ 400 ਬੋਤਲਾਂ ਸ਼ਰਾਬ ਬਰਾਮਦ By admin - September 24, 2026 0 1 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕੀਤੀ ਹੈ। ਪੁਲਿਸ ਨੇ ਪਿੰਡ ਭਿੰਡੀ ਔਲਖ ਤੇ ਸੱਯਦਾਂ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 2 ਲੱਖ ਲੀਟਰ ਕੱਚੀ ਲਾਹਣ ਤੇ 400 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਟੀਮਾਂ ਨੇ ਇਹ ਬਰਾਮਦਗੀ ਪਿੰਡ ਦੇ ਵੱਖ-ਵੱਖ ਡੇਰਿਆਂ, ਖੇਤਾਂ ਦੀਆਂ ਕੰਧਾਂ-ਵੱਟਾਂ, ਸੜਕਾਂ ਦੇ ਕਿਨਾਰਿਆਂ ਅਤੇ ਛੱਪੜਾਂ ਵਿੱਚੋਂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਥਾਣਾ ਭਿੰਡੀ ਸੱਯਦਾਂ ਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਪਿੰਡ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਛਾਪੇਮਾਰੀ ਵਿੱਚ ਉਨ੍ਹਾਂ ਦੇ ਨਾਲ ਆਬਕਾਰੀ ਇੰਸਪੈਕਟਰ ਰਮਨ ਸ਼ਰਮਾ ਅਤੇ ਸਰਕਲ 1-2 ਦਾ ਹੋਰ ਮੁਲਾਜ਼ਮ ਅਮਲਾ ਵੀ ਸ਼ਾਮਲ ਸੀ ਜਗਦੀਪ ਕੌਰ ਅਨੁਸਾਰ ਟੀਮ ਵੱਲੋਂ ਪਿੰਡ ਦੇ ਵੱਖ-ਵੱਖ ਡੇਰਿਆਂ, ਖੇਤਾਂ ਦੀਆਂ ਕੰਧਾਂ-ਵੱਟਾਂ, ਸੜਕਾਂ ਦੇ ਕਿਨਾਰਿਆਂ ਅਤੇ ਛੱਪੜਾਂ ਵਿੱਚ ਲੁਕੋ ਕੇ ਰੱਖੀ ਗਈ ਸਮੱਗਰੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਕਾਰਵਾਈ ਦੌਰਾਨ 50 ਦੇ ਕਰੀਬ ਤਰਪਾਲਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਹੇਠੋਂ ਲਗਭਗ 2 ਲੱਖ ਲੀਟਰ ਕੱਚੀ ਲਾਹਣ ਫੜੀ ਗਈ। ਇਸ ਤੋਂ ਇਲਾਵਾ ਮੌਕੇ ਤੋਂ 40 ਪਲਾਸਟਿਕ ਦੇ ਕੇਨ, ਲੋਹੇ ਦੇ 6 ਡਰੰਮ ਅਤੇ ਪਲਾਸਟਿਕ ਦੇ 3 ਵੱਡੇ ਡਰੰਮ ਵੀ ਜ਼ਬਤ ਕੀਤੇ ਗਏ। ਕੇਨਾਂ ਵਿੱਚੋਂ ਤਕਰੀਬਨ 400 ਬੋਤਲਾਂ ਤਿਆਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਵਿਭਾਗ ਵੱਲੋਂ ਮਿਲੀ ਇਸ ਭਾਰੀ ਮਾਤਰਾ ਵਿੱਚ ਕੱਚੀ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ। ਇਸ ਸਬੰਧੀ ਥਾਣਾ ਭਿੰਡੀ ਸੱਯਦਾਂ ਵਿਖੇ ਆਬਕਾਰੀ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਮਾਮਲਾ ਲਾਵਾਰਿਸ ਤੌਰ ’ਤੇ ਦਰਜ ਹੈ, ਪ੍ਰੰਤੂ ਤਫ਼ਤੀਸ਼ੀ ਅਫ਼ਸਰ (I.O.) ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜ਼ਮੀਨ ਦੇ ਮਾਲਕਾਂ ਅਤੇ ਇਸ ਗ਼ੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਅਨਸਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਆਬਕਾਰੀ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰਾਂ ਅਤੇ ਗ਼ੈਰ-ਕਾਨੂੰਨੀ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਇਹ ਸਖ਼ਤ ਮੁਹਿੰਮ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗੀ।