ਅੰਮ੍ਰਿਤਸਰ ’ਚ ਸੁਖਜਿੰਦਰ ਰੰਧਾਵਾ ਦੀ ਪ੍ਰੈੱਸ ਕਾਨਫਰੰਸ/ ਨਸ਼ੇ ਤੇ ਅਮਨ ਕਾਨੂੰਨ ਦੀ ਹਾਲਤ ’ਤੇ ਚਿੰਤਾ ਜਾਹਰ/ ਪੰਜਾਬ ਤੇ ਕੇਂਦਰ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

0
1

ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਦੀ ਕਾਨੂੰਨ-ਵਿਵਸਥਾ, ਸਰਹੱਦ ਪਾਰੋਂ ਹੋ ਰਹੀ ਨਸ਼ਾ ਤਸਕਰੀ ਅਤੇ ਗੈਂਗਸਟਰਾਂ ਦੇ ਵਧ ਰਹੇ ਨੈੱਟਵਰਕ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਰੰਧਾਵਾ ਨੇ ਦੋਸ਼ ਲਗਾਇਆ ਕਿ ਸੂਬੇ ਦੀ ਪੁਲਿਸ ਵਿਵਸਥਾ ਚਰਮਰਾ ਚੁੱਕੀ ਹੈ ਅਤੇ ਕਈ ਉੱਚ ਪੁਲਿਸ ਅਧਿਕਾਰੀਆਂ ਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਿੱਧੇ ਸੰਪਰਕ ਹਨ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਨਸ਼ੇ ਰੋਕਣ ਦੇ ਨਾਮ ਤੇ ਰਾਜਨੀਤੀ ਕਰ ਰਹੀਆਂ ਨੇ।
ਪ੍ਰੈੱਸ ਕਾਨਫਰੰਸ ਦੌਰਾਨ ਸੰਸਦ ਮੈਂਬਰ ਰੰਧਾਵਾ ਨੇ ਅਮਰੀਕੀ ਜਾਂਚ ਏਜੰਸੀ ਐਫਬੀਆਈ ਅਤੇ ਉਥੋਂ ਦੇ ਨਿਆਂ ਵਿਭਾਗ ਦੀ ਇੱਕ ਚਾਰਜਸ਼ੀਟ ਅਤੇ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕੀ ਗ੍ਰੈਂਡ ਜਿਊਰੀ ਵੱਲੋਂ ਸਾਹਮਣੇ ਲਿਆਂਦੀ ਗਈ ਰਿਪੋਰਟ ਵਿੱਚ ਜੱਗੂ ਭਗਵਾਨਪੁਰੀਆ ਦੇ ਅਪਰਾਧਿਕ ਗਿਰੋਹ ‘ਤੇ ਡਰੱਗ ਤਸਕਰੀ, ਸੁਪਾਰੀ ਕਤਲ, ਫਿਰੌਤੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਦਰਜ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਗਿਰੋਹ ਵਿੱਚ 1000 ਤੋਂ ਵੱਧ ਮੈਂਬਰ ਹਨ, ਜਿਨ੍ਹਾਂ ਵਿੱਚੋਂ 100 ਤੋਂ ਵੱਧ ਸਰਗਰਮ ਮੈਂਬਰ ਅਮਰੀਕਾ ਵਿੱਚ ਬੈਠ ਕੇ ਕੰਮ ਕਰ ਰਹੇ ਹਨ।
ਰੰਧਾਵਾ ਨੇ ਕੇਂਦਰ ਅਤੇ ਸੂਬਾ ਸਰਕਾਰ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਅਤੇ ਜੱਗੂ ਭਗਵਾਨਪੁਰੀਆ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ 24 ਘੰਟੇ ਮੋਬਾਈਲ ਫੋਨ ‘ਤੇ ਸਰਗਰਮ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੇਲ੍ਹਾਂ ਅੰਦਰੋਂ ਹੀ ਵੀਡੀਓ ਕਾਲਾਂ ਅਤੇ ਫਿਰੌਤੀ ਮੰਗਣ ਦਾ ਕਾਰੋਬਾਰ ਚੱਲ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਦੋਵੇਂ ਸੂਬੇ ਭਾਜਪਾ ਦੀ ਸਰਕਾਰ ਅਧੀਨ ਹਨ, ਇਸ ਦੇ ਬਾਵਜੂਦ ਜੇਲ੍ਹਾਂ ਦੇ ਅੰਦਰੋਂ ਗੈਂਗਵਾਰ ਅਤੇ ਕੌਮਾਂਤਰੀ ਸਿੰਡੀਕੇਟ ਚਲਾਏ ਜਾਣ ਦੇ ਦੋਸ਼ ਸਾਹਮਣੇ ਆ ਰਹੇ ਹਨ।
ਰੰਧਾਵਾ ਨੇ ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਹਾਲੀਆ ਅੰਦਰੂਨੀ ਸਰਕੁਲਰ ਦਿਖਾਉਂਦਿਆਂ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਸਰਕੁਲਰ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਹਿਨਣ, ਸਾਦੇ ਕੱਪੜਿਆਂ ਵਿੱਚ ਜਾਣ ਅਤੇ ਇੱਕੋ ਰੂਟ ਦੀ ਵਰਤੋਂ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਰੰਧਾਵਾ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਬੇਹੱਦ ਸ਼ਰਮਨਾਕ ਦਿਨ ਹੈ। ਜਦੋਂ ਅੱਤਵਾਦ ਦਾ ਦੌਰ ਸੀ ਤਾਂ ਪੁਲਿਸ ਨੂੰ ‘ਨਾਈਟ ਡੋਮਿਨੈਂਸ’ ਦੇ ਹੁਕਮ ਮਿਲਦੇ ਸਨ ਅਤੇ ਪੁਲਿਸ ਦਿਨ-ਰਾਤ ਮੋਰਚਾ ਸੰਭਾਲਦੀ ਸੀ। ਅੱਜ ਉਹੀ ਪੁਲਿਸ ਆਪਣੇ ਜਵਾਨਾਂ ਨੂੰ ਵਰਦੀ ਛੁਪਾਉਣ ਅਤੇ ਇਕੱਲੇ ਬਾਹਰ ਨਾ ਨਿਕਲਣ ਦੀ ਸਲਾਹ ਦੇ ਰਹੀ ਹੈ। ਜੇ ਰੱਖਿਅਕ ਹੀ ਡਰ ਕੇ ਗਲੀਆਂ ਅਤੇ ਰਸਤੇ ਬਦਲੇਗਾ ਤਾਂ ਸੂਬੇ ਦੀ ਆਮ ਜਨਤਾ ਆਪਣੀ ਸੁਰੱਖਿਆ ਦੀ ਉਮੀਦ ਕਿਸ ਤੋਂ ਰੱਖੇਗੀ?”
ਉਨ੍ਹਾਂ ਮੰਗ ਕੀਤੀ ਕਿ ਅਜਿਹੇ ਹੁਕਮ ਜਾਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਹੈ। ਰੰਧਾਵਾ ਨੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਆਦਿ ਵਿੱਚ ਤਾਇਨਾਤ ਰਹੇ ਸੀਨੀਅਰ ਪੁਲਿਸ ਅਧਿਕਾਰੀਆਂ, ਡੀਆਈਜੀ, ਆਈਜੀ ਅਤੇ ਐੱਸਐੱਸਪੀ ਪੱਧਰ ਦੇ ਅਧਿਕਾਰੀਆਂ ਦੀ ਭੂਮਿਕਾ ‘ਤੇ ਸਵਾਲ ਚੁੱਕੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਦੇ ਕਾਲ ਰਿਕਾਰਡ ਅਤੇ ਮੋਬਾਈਲ ਫੋਨਾਂ ਦੀ ਤੁਰੰਤ ਫੋਰੈਂਸਿਕ ਜਾਂਚ ਕਰਵਾਈ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਕੁਝ ਅਧਿਕਾਰੀਆਂ ਨੂੰ ਗੈਂਗਸਟਰਾਂ ਵੱਲੋਂ ਫੋਨ ਆਉਂਦੇ ਹਨ ਅਤੇ ਉਨ੍ਹਾਂ ਦੇ ਇਸ਼ਾਰਿਆਂ ‘ਤੇ ਮੁਲਜ਼ਮਾਂ ਨੂੰ ਛੱਡਣ ਜਾਂ ਉਨ੍ਹਾਂ ਨੂੰ ਸੁਰੱਖਿਆ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 30 ਸਤੰਬਰ ਨੂੰ ਹੋਣ ਵਾਲੇ ਪੰਜਾਬ ਦੌਰੇ ਅਤੇ ਭਾਜਪਾ ਵੱਲੋਂ ਕੱਢੀਆਂ ਜਾ ਰਹੀਆਂ ਪਦਯਾਤਰਾਵਾਂ ‘ਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਸਿਰਫ਼ ਸਿਆਸੀ ਬਿਆਨਾਂ ਅਤੇ ਯਾਤਰਾਵਾਂ ਦੀ ਲੋੜ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਬਰਾਮਦ ਹੋਈ 3000 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਹੈ।

LEAVE A REPLY

Please enter your comment!
Please enter your name here