ਸੰਗਰੂਰ ਡੀਸੀ ਨੂੰ ਸ਼ਡਿਊਲਡ ਕਾਸਟਸ ਕਮਿਸ਼ਨ ਦਾ ਨੋਟਿਸ/ ਪ੍ਰਾਇਮਰੀ ਸਕੂਲਾਂ ਦੀ ਜਾਂਚ ਦੇ ਹੁਕਮ/ ਦਲਿਤ ਬੱਚਿਆਂ ਦੇ ਫਰਜ਼ੀ ਦਾਖਲੇ ਦੇ ਲੱਗੇ ਇਲਜ਼ਾਮ

0
1

ਸੰਗਰੂਰ ਦੇ ਤਿੰਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੇ ਕਥਿਤ ਫਰਜ਼ੀ ਦਾਖਲਿਆਂ ਦੀ ਸ਼ਿਕਾਇਤ ਹੁਣ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ ਤੱਕ ਪਹੁੰਚ ਗਈ ਹੈ। ਮਾਮਲੇ ਨੂੰ ਲੈ ਕੇ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਣਾ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਈਮੇਲ ਰਾਹੀਂ ਜਾਂਚ ਦੀ ਮੰਗ ਕੀਤੀ ਗਈ ਹੈ। ਡੀਸੀ ਮੁਤਾਬਕ ਕਮਿਸ਼ਨ ਨੂੰ ਭੇਜੀ ਜਾਣ ਵਾਲੀ ਰਿਪੋਰਟ 15 ਦਿਨਾਂ ਦੇ ਅੰਦਰ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੰਗਰੂਰ ਦੇ ਤਿੰਨ ਸਕੂਲਾਂ ਦੀ ਲਿਸਟ ਪ੍ਰਾਪਤ ਹੋਈ ਹੈ ਅਤੇ ਜਾਂਚ ਦੀ ਜ਼ਿੰਮੇਵਾਰੀ DEO ਪ੍ਰਾਇਮਰੀ ਨੂੰ ਦਿੱਤੀ ਗਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਸਬੰਧਤ ਵਿਭਾਗ ਅਤੇ ਕਮਿਸ਼ਨ ਨੂੰ ਭੇਜੀ ਜਾਵੇਗੀ।
ਸ਼ਿਕਾਇਤ ਦੀ ਹਕੀਕਤ ਜਾਣਨ ਲਈ ਜਦੋਂ ਮੀਡੀਆ ਦੀ ਟੀਮ ਨੇ ਗਰਾਊਂਡ ’ਤੇ ਪੜਤਾਲ ਕੀਤੀ ਗਈ ਤਾਂ ਪਿੰਡ ਬਾਲੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਛੁੱਟੀ ਹੋਣ ਕਾਰਨ ਸਕੂਲ ਬੰਦ ਮਿਲਿਆ। ਪਿੰਡ ਨਾਲ ਲੱਗਦੇ ਇੱਟਾਂ ਦੇ ਭੱਠੇ ’ਤੇ ਪਹੁੰਚਣ ’ਤੇ ਪਤਾ ਲੱਗਾ ਕਿ ਇੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਪਰਿਵਾਰ ਰਹਿੰਦੇ ਹਨ। ਭੱਠੇ ’ਤੇ ਕਈ ਝੋਪੜੀਆਂ ਨੂੰ ਤਾਲੇ ਲੱਗੇ ਹੋਏ ਸਨ। ਮਜ਼ਦੂਰਾਂ ਨੇ ਦੱਸਿਆ ਕਿ ਸੀਜ਼ਨ ਆਫ਼ ਹੋਣ ਕਾਰਨ ਕਈ ਪਰਿਵਾਰ ਆਪਣੇ ਜੱਦੀ ਪਿੰਡਾਂ ਨੂੰ ਵਾਪਸ ਚਲੇ ਗਏ ਹਨ। ਉੱਥੇ ਮੌਜੂਦ ਇੱਕ ਮਜ਼ਦੂਰ ਨੇ ਦੱਸਿਆ ਕਿ ਕਰੀਬ 20 ਬੱਚਿਆਂ ਦੇ ਦਾਖਲੇ ਸਕੂਲ ਵਿੱਚ ਹਨ, ਪਰ ਇਸ ਸਮੇਂ ਉਨ੍ਹਾਂ ਵਿੱਚੋਂ ਲਗਭਗ 8 ਬੱਚੇ ਹੀ ਨਿਯਮਿਤ ਤੌਰ ’ਤੇ ਸਕੂਲ ਜਾ ਰਹੇ ਹਨ।
ਮਜ਼ਦੂਰ ਸ਼ਾਂਤੀ ਨੇ ਵੀ ਦੱਸਿਆ ਕਿ ਕੁਝ ਪਰਿਵਾਰ ਹਾਲ ਹੀ ਵਿੱਚ ਆਪਣੇ ਪਿੰਡਾਂ ਤੋਂ ਵਾਪਸ ਆਏ ਹਨ, ਜਦਕਿ ਕਈ ਪਰਿਵਾਰ ਹਾਲੇ ਵੀ ਆਪਣੇ ਪਿੰਡਾਂ ਵਿੱਚ ਹਨ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਿਹੜੇ ਬੱਚੇ ਲੰਬੇ ਸਮੇਂ ਤੋਂ ਸਕੂਲ ਨਹੀਂ ਆ ਰਹੇ, ਉਨ੍ਹਾਂ ਦੀ ਹਾਜ਼ਰੀ ਅਤੇ ਦਾਖਲੇ ਦਾ ਰਿਕਾਰਡ ਕਿਸ ਤਰ੍ਹਾਂ ਦਰਜ ਕੀਤਾ ਜਾ ਰਿਹਾ ਹੈ? ਕੀ ਉਨ੍ਹਾਂ ਦੇ ਦਾਖਲੇ ਰੱਦ ਕੀਤੇ ਗਏ ਹਨ ਜਾਂ ਉਹ ਕਿਸੇ ਹੋਰ ਸ਼੍ਰੇਣੀ ਵਿੱਚ ਦਰਜ ਹਨ? ਨਾਲ ਹੀ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਸਰਕਾਰੀ ਸਕੀਮਾਂ ਤਹਿਤ ਇਨ੍ਹਾਂ ਬੱਚਿਆਂ ਨੂੰ ਮਿਲਣ ਵਾਲੇ ਲਾਭ ਕਿਸ ਤਰੀਕੇ ਨਾਲ ਦਰਜ ਕੀਤੇ ਜਾ ਰਹੇ ਹਨ।
ਇਸ ਤੋਂ ਬਾਅਦ ਗਰਾਊਂਡ ਰਿਪੋਰਟ ਲਈ ਪਿੰਡ ਸੰਤੋਖਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਗਿਆ। ਇੱਥੇ ਦੋ ਅਧਿਆਪਕ ਤਾਇਨਾਤ ਹਨ। ਅਧਿਆਪਕ ਸੰਜੀਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਹਿਲੀ ਅਤੇ ਦੂਜੀ ਜਮਾਤ ਦਾ ਚਾਰਜ ਹੈ। ਰਿਕਾਰਡ ਮੁਤਾਬਕ ਦੋਵਾਂ ਜਮਾਤਾਂ ਵਿੱਚ ਕੁੱਲ ਪੰਜ ਵਿਦਿਆਰਥੀ ਹਨ, ਪਰ ਉਨ੍ਹਾਂ ਵਿੱਚੋਂ ਚਾਰ ਲਗਭਗ 6 ਮਹੀਨੇ ਤੋਂ ਸਕੂਲ ਨਹੀਂ ਆ ਰਹੇ ਅਤੇ ਇਸ ਸਮੇਂ ਸਿਰਫ਼ ਇੱਕ ਵਿਦਿਆਰਥੀ ਹੀ ਨਿਯਮਿਤ ਤੌਰ ’ਤੇ ਸਕੂਲ ਆ ਰਿਹਾ ਹੈ। ਉਹਨਾਂ ਨੇ ਖੁਦ ਕੈਮਰੇ ਅੱਗੇ ਮੰਨਿਆ ਕਿ ਇਹ ਰਿਕਾਰਡ ਦੀ ਫਿਰ ਬਦਲ ਸ਼ਾਇਦ ਆਪਣੀਆਂ ਪੋਸਟਾਂ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈ।
ਉੱਥੇ ਹੀ ਸਕੂਲ ਇੰਚਾਰਜ ਅਧਿਆਪਕਾ ਅਤੇ ਦੂਸਰੇ ਅਧਿਆਪਕ ਬਲਜੀਤ ਕੌਰ ਦੇ ਕਲਾਸ ਰੂਮ ਵਿੱਚ ਕਰੀਬ 13 ਬੱਚੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਲਗਭਗ 28 ਬੱਚਿਆਂ ਦੇ ਦਾਖਲੇ ਹਨ, ਜਦਕਿ ਰੋਜ਼ਾਨਾ 13 ਤੋਂ 15 ਬੱਚੇ ਹੀ ਸਕੂਲ ਆਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਬੱਚੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਪਸ਼ੂ ਪਾਲਣ ਵਾਲੇ ਪਰਿਵਾਰਾਂ ਨਾਲ ਸਬੰਧਤ ਸਨ, ਜਿਨ੍ਹਾਂ ਦੇ ਦਾਖਲੇ ਸਕੂਲ ਵਿੱਚ ਕਰਵਾਏ ਗਏ ਸਨ ਪਰ ਉਹ ਲੰਬੇ ਸਮੇਂ ਤੋਂ ਸਕੂਲ ਨਹੀਂ ਆ ਰਹੇ। ਦੂਜੇ ਪਾਸੇ ਪਿੰਡ ਦੇ ਸਰਪੰਚ ਕਰਮ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਵੀ ਸਕੂਲ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਅਤੇ ਜੇਕਰ ਦੁਬਾਰਾ ਜਾਂਚ ਹੁੰਦੀ ਹੈ ਤਾਂ ਪਿੰਡ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਅਧਿਆਪਕ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾ ਰਹੇ ਹਨ।

LEAVE A REPLY

Please enter your comment!
Please enter your name here