
ਮੁੱਖ ਮੰਤਰੀ ਮਾਨ ਅੱਜ ਮੋਹਾਲੀ ਵਿਖੇ ਹੋਏ ਆਈਐਸਬੀ ਦੇ ਲੀਡਰਸ਼ਿਪ ਸੰਮੇਲਨ ਵਿਚ ਸ਼ਿਰਕਤ ਕਰਨ ਪਹੁੰਚੇ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਮਾਨ ਨੇ ਸੰਸਥਾ ਦੇ ਪੰਜਾਬ ਅੰਦਰ 25 ਸਾਲ ਪੂਰੇ ਹੋਣ ਤੇ ਵਧਾਈ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਈਐਸਬੀ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਅਤੇ ਅੱਗੇ ਹੋਰ ਤਰੱਕੀ ਦੀਆਂ ਬਹੁਤ ਸੰਭਾਵਨਾਵਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਈਐਸਬੀ ਵਰਗੀਆਂ ਨਾਮਵਰ ਸੰਸਥਾਵਾਂ ਸਾਡੇ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ’ਚ ਵੱਡਾ ਯੋਗਦਾਨ ਪਾ ਰਹੀਆਂ ਹਨ।
ਸਾਡੇ ਨੌਜਵਾਨਾਂ ’ਚ ਹੁਨਰ ਦੀ ਕੋਈ ਘਾਟ ਨਹੀਂ; ਲੋੜ ਹੈ ਤਾਂ ਬੱਸ ਉਨ੍ਹਾਂ ਨੂੰ ਉੱਡਣ ਲਈ ਸਹੀ ਖੰਭ ਦੇਣ ਦੀ। ਇਸੇ ਸੋਚ ਨਾਲ ਅਸੀਂ ਪੰਜਾਬ ’ਚ ‘ਸਕੂਲਜ਼ ਆਫ਼ ਐਮੀਨੈਂਸ’ ਦੀ ਸਥਾਪਨਾ ਕੀਤੀ ਹੈ, ਜਿੱਥੇ ਵਿਦਿਆਰਥੀਆਂ ਨੂੰ ਨਵੇਂ ਬਿਜ਼ਨਸ ਆਈਡੀਆ ਬਣਾਉਣ ਲਈ ‘ਸੀਡ ਮਨੀ’ ਦਿੱਤੀ ਜਾ ਰਹੀ ਹੈ। ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਪੂਰੀ ਦੁਨੀਆ ’ਚ ਸਫ਼ਲਤਾ ਦੇ ਝੰਡੇ ਗੱਡੇ ਹਨ। ਮੈਂ ਸਾਰੇ ਉਦਯੋਗਪਤੀਆਂ ਨੂੰ ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ’ਤੇ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ।
ਮੁੱਖ ਮੰਤਰੀ ਮਾਨ ਨੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਸੂਬੇ ਨੂੰ ਉਦਯੋਗ, ਨਿਵੇਸ਼ ਅਤੇ ਨਵੀਨਤਾ ਦਾ ਕੇਂਦਰ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਟਾਰਟਅੱਪਸ, ਤਕਨਾਲੋਜੀ-ਅਧਾਰਿਤ ਉੱਦਮਾਂ ਅਤੇ ਆਧੁਨਿਕ ਯੁੱਗ ਦੇ ਉਦਯੋਗਾਂ ਲਈ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਸਮਰੱਥਾ ਹੈ।
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਰਵਾਇਤੀ ਕਰੀਅਰ ਦੇ ਰਾਹਾਂ ਤੋਂ ਹਟ ਕੇ ਸੋਚਣ ਅਤੇ ਅਜਿਹੇ ਹੱਲ ਤਿਆਰ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ ਜੋ ਸਮਾਜ ਲਈ ਮੁੱਲਵਾਨ ਸਾਬਤ ਹੋਣ। ਉਨ੍ਹਾਂ ਕਿਹਾ ਕਿ ਅਗਵਾਈ ਦਾ ਅਰਥ ਦੂਜਿਆਂ ਲਈ ਮੌਕੇ ਪੈਦਾ ਕਰਨਾ ਅਤੇ ਨਵੀਨਤਾ ਤੇ ਉੱਦਮਤਾ ਰਾਹੀਂ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ।


