ਗੁਰਦਾਸਪੁਰ ਦੇ ਧਾਲੀਵਾਲ ’ਚ ਦੁਕਾਨਾਂ ਨੂੰ ਅੱਗ/ ਲੱਖਾਂ ਦਾ ਨੁਕਸਾਨ, ਸ਼ਰਾਰਤੀਆਂ ’ਤੇ ਸ਼ੱਕ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
1

ਗੁਰਦਾਸਪੁਰ ਅਧੀਨ ਆਉਂਦੇ ਧਾਰੀਵਾਲ ਸ਼ਹਿਰ ਦੇ ਬੱਸ ਅੱਡਾ ਇਲਾਕੇ ਵਿਚ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਦੋ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਦੀ ਇਤਲਾਹ ਉਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਦੇ ਕਾਬੂ ਪਾਇਆ। ਮੌਕੇ ਦੇ ਮੌਜੂਦ ਦੁਕਾਨਦਾਰਾਂ ਅੱਗ ਲੱਗਣ ਪਿਛੇ ਸ਼ਰਾਰਤੀਆਂ ਦਾ ਹੱਥ ਹੋਣ ਦੀ ਸ਼ੰਕਾ ਜਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਜਾਂਚ ਮੰਗੀ ਹੈ। ਦੁਕਾਨਦਾਰਾਂ ਨੇ ਗਿਲਾ ਜਾਹਰ ਕੀਤਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਸ਼ਰਾਰਤੀਆਂ ਦੀ ਪਛਾਣ ਕਰਨ ਵਿਚ ਨਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਬਣਦੀ ਕਾਰਵਾਈ ਨਾ ਕੀਤੀ ਉਹ ਦੁਕਾਨਾਂ ਬੰਦ ਕਰ ਕੇ ਪ੍ਰਦਰਸ਼ਨ ਕਰਨਗੇ।
ਦੁਕਾਨਦਾਰਾਂ ਦੇ ਦੱਸਣ ਮੁਤਾਬਿਕ ਉਹਨਾਂ ਨੂੰ ਕਿਸੇ ਰਾਹਗੀਰ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਦੁਕਾਨਾਂ ਨੂੰ ਅੱਗ ਲੱਗ ਗਈ ਹੈ। ਪਹਿਲਾਂ ਬੱਸ ਸਟੈਂਡ ਦੇ ਨਜ਼ਦੀਕ ਵਿਜੇ ਮੈਡੀਕਲ ਹਾਲ ਦੇ ਸਾਹਮਣੇ ਇੱਕ ਸਬਜੀ ਦੀ ਦੁਕਾਨ ਨੂੰ ਅੱਗ ਲੱਗੀ ਜਿਹੜੀ ਫੈਲਦੀ ਹੋਈ ਨਜ਼ਦੀਕ ਮਹਾਜਨ ਬਰਤਨ ਸਟੋਰ ਐਂਡ ਕਰੋਕਰੀ ਹਾਊਸ ਧਾਰੀਵਾਲ ਜਿਸ ਨੂੰ ਵਿਜੇ ਭਾਂਡਿਆਂ ਵਾਲੇ ਦੀ ਦੁਕਾਨ ਵੀ ਕਿਹਾ ਜਾਂਦਾ ਹੈ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ  ਦੇ ਨਾਲ ਦੁਕਾਨਾਂ ਦੇ ਅੰਦਰ ਪਿਆ 20 ਤੋਂ 25 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਲੋਕਾਂ ਨੇ ਮਸ਼ੱਕਤ ਕਰਕੇ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਪਹੁੰਚ ਕੇ ਅੱਗ ਦੇ ਉੱਪਰ ਕਾਬੂ ਪਾਇਆ।
ਸਬਜ਼ੀ ਦੀ ਦੁਕਾਨ ਵਾਲੇ ਵਿਸ਼ਾਲ ਨਾਮਕ ਨੌਜਵਾਨ ਨੇ ਕਿਹਾ ਕਿ ਦੋ ਮਹੀਨੇ ਦੇ ਵਿੱਚ ਚੌਥੀ ਤੋਂ ਪੰਜਵੀਂ ਘਟਨਾ ਧਾਰੀਵਾਲ ਚ ਦੁਕਾਨਾਂ ਨੂੰ ਅੱਗ ਲੱਗਣ ਦੀ ਹੋ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਹੈ। ਪੁਲਿਸ ਦੇ ਖਿਲਾਫ ਵੀ ਇਕੱਠੇ ਹੋਏ ਦੁਕਾਨਦਾਰਾਂ ਨੇ ਦੇਰ ਰਾਤ ਨਾਅਰੇਬਾਜ਼ੀ ਵੀ ਕੀਤੀ ਦੁਕਾਨਦਾਰਾਂ ਨੇ ਕਿਹਾ ਕਿ ਰਾਤ ਦੇ ਸਮੇਂ ਪੁਲਿਸ ਦੀ ਕੋਈ ਵੀ ਪੈਟਰੋਲਿੰਗ ਸ਼ਹਿਰ ਵਿੱਚ ਨਹੀਂ ਹੁੰਦੀ ਜਿਸ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਆਮ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਜਾ ਰਿਹਾ ਹੈ।
ਉੱਥੇ ਹੀ ਦੇਰ ਰਾਤ ਮੌਕੇ ਤੇ ਪਹੁੰਚੇ ਸਬਜ਼ੀ ਮੰਡੀ ਯੂਨੀਅਨ ਦੇ ਪ੍ਰਧਾਨ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਕੌਂਸਲਰ ਦੀਪਕ ਅਰੋੜਾ ਰਿੰਟੂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਉਹਨਾਂ ਦੇ ਛੋਟੇ ਭਰਾ ਦੀ ਦੁਕਾਨ ਨੂੰ ਵੀ ਅੱਗ ਲੱਗ ਗਈ ਸੀ ਪਰ ਅਜੇ ਤੱਕ ਉਸ ਦਾ ਕੁਝ ਵੀ ਸਾਨੂੰ ਮੁਆਵਜਾ ਨਹੀਂ ਮਿਲਿਆ। 20 ਤੋਂ ਵੱਧ ਚੱਕਰ ਅਸੀਂ ਡਿਪਟੀ ਕਮਿਸ਼ਨਰ ਦਫਤਰ ਦੇ ਲਗਾ ਚੁੱਕੇ ਹਾਂ ਤੇ ਪ੍ਰਸ਼ਾਸਨ ਵੱਲੋਂ ਲਾਰੇ ਲੱਪੇ ਲਗਾਏ ਜਾ ਰਹੇ ਆ। ਪ੍ਰਸ਼ਾਸਨ ਸਿਰਫ ਤਮਾਸ਼ਾ ਹੀ ਦੇਖ ਰਿਹਾ ਹੈ । ਪੁਲਿਸ ਦੀ ਢਿੱਲੀ ਕਾਰਜਕਾਰੀ ਦੇ ਉੱਪਰ ਕਈ ਵੀ ਉਹਨਾਂ ਨੇ ਸਵਾਲ ਖੜੇ ਕੀਤੇ। ਫਾਇਰ ਬ੍ਰਿਗੇਡ ਦੇ ਮੌਕੇ ਤੇ ਪਹੁੰਚੀ ਟੀਮ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਇੱਕ ਕਾਲ ਆਈ ਸੀ ਜਿਸ ਦੇ ਬਾਅਦ ਦੋ ਗੱਡੀਆਂ ਮੌਕੇ ਤੇ ਆਈਆਂ ਅਤੇ ਭਾਰੀ ਮੁਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

LEAVE A REPLY

Please enter your comment!
Please enter your name here