ਨਸ਼ਿਆਂ ਦੇ ਮੁੱਦੇ ’ਤੇ ਹਰਪਾਲ ਚੀਮਾ ਦੀ ਪ੍ਰੈੱਸ ਕਾਨਫਰੰਸ/ ਵਿਰੋਧੀਆਂ ਵੱਲ ਸਾਧੇ ਨਿਸ਼ਾਨੇ/ ਕਿਹਾ, ਅਕਾਲੀ-ਭਾਜਪਾ ਰਾਜ ਸਮੇਂ ਆਏ ਸੀ ਨਸ਼ੇ

0
4

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਨਸ਼ਿਆਂ ਨੂੰ ਲੈ ਕੇ ਵਿਰੋਧੀਆਂ ਨੂੰ ਘੇਰਿਆ ਹੈ। ਚੰਡੀਗੜ੍ਹ ਵਿਖੇ ਆਪ ਦੇ ਸੀਨੀਅਰ ਆਗੂਆਂ ਦੀ ਸਮੇਤ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਲਿਆਉਣ ਵਾਲੇ ਅਕਾਲੀ ਦਲ ਦੇ ਭਾਜਪਾ ਵਾਲੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਨਸ਼ਿਆਂ ਨੇ ਪੈਰ ਅੰਦਰ ਪੈਰ ਪਸਾਰੇ ਸਨ, ਜਿਨ੍ਹਾਂ ਨੂੰ ਖਤਮ ਕਰਨ ਲਈ ਸਰਕਾਰ ਸਾਢੇ-4 ਸਾਲਾਂ ਤੋਂ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 50 ਕਿਲੋਮੀਟਰ ਖੇਤਰ ਤਕ ਬੀਐਸਐਫ ਦਾ ਕੰਟਰੋਲ ਹੈ, ਇਸ ਦੇ ਬਾਵਜੂਦ ਕੇਵਲ ਪੰਜਾਬ ਸਰਕਾਰ ਨੂੰ ਹੀ ਕੋਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਜ਼ਿਆਦਾ ਨਸ਼ਾਂ ਭਾਜਪਾ ਦੀ ਸੱਤਾ ਵਾਲੇ ਗੁਜਰਾਤ ਤੋਂ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਚਰਮ-ਸੀਮਾ ਉਤੇ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਿਸੇ ਵੀ ਇਲਾਕੇ ‘ਚ ਜਾ ਕੇ ਪੁੱਛ ਲਓ ਕਿ ‘ਚਿੱਟਾ’ ਸ਼ਬਦ ਪਹਿਲੀ ਵਾਰ ਕਦੋਂ ਸੁਣਨ ਨੂੰ ਮਿਲਿਆ ਸੀ ਤਾਂ ਲੋਕ ਝੱਟ ਅਕਾਲੀ-ਭਾਜਪਾ ਸਰਕਾਰ ਦਾ ਨਾਮ ਲੈਣਗੇ। ਉਨ੍ਹਾਂ ਕਿਹਾ ਕਿ ਪੰਥ ਦੇ ਨਾਮ ‘ਤੇ ਬਣੀ ਇਸ ਸਰਕਾਰ ਦੇ ਸਮੇਂ ਪੰਜਾਬ ‘ਚ ਨਸ਼ਿਆਂ ਦਾ ਹੜ੍ਹ ਆਇਆ ਸੀ। ਪੰਜਾਬ ਦੀ ਗਲੀ-ਗਲੀ, ਮੁਹੱਲੇ-ਮੁਹੱਲੇ ‘ਚ ਚਰਚਾ ਹੋਣ ਲੱਗੀ ਕਿ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਸ ਸਮੇਂ ਮੀਡੀਆ ਰਾਹੀਂ ਕਈ ਜਾਣਕਾਰੀਆਂ ਸਾਹਮਣੇ ਆਉਂਦੀਆਂ ਸਨ ਕਿ ਸਰਕਾਰੀ ਗੱਡੀਆਂ ਦਾ ਕਿਸ ਤਰ੍ਹਾਂ ਦੁਰਉਪਯੋਗ ਕੀਤਾ ਗਿਆ ਤੇ ਕਿਵੇਂ ਨਸ਼ਾ ਵੇਚਿਆ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਉਸ ਸਮੇਂ ਡਰੱਗ ਦੇ ਕੇਸਾਂ ਦੀ ਈਡੀ ਦੇ ਇੱਕ ਅਫ਼ਸਰ ਨੇ ਜਾਂਚ ਆਰੰਭੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦੌਰ ‘ਚ ਜਿਹੜਾ ਵੀ ਵਿਅਕਤੀ ਨਸ਼ਿਆਂ ਖ਼ਿਲਾਫ਼ ਕੰਮ ਕਰਦਾ ਜਾਂ ਕਾਰਵਾਈ ਕਰਦਾ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਸੀ। ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਭਾਜਪਾ ਰਾਜ ਦੇ ਇਨ੍ਹਾਂ 10 ਸਾਲਾਂ ਦੌਰਾਨ ਸਰਕਾਰੀ ਸਰਪ੍ਰਸਤੀ ਹੇਠ ਪੰਜਾਬ ‘ਚ ਨਸ਼ਿਆਂ ਦਾ ਛੇਵਾਂ ਦਰਿਆ ਵਗਿਆ ਸੀ।
ਦੇਸ਼ ਭਰ ਅੰਦਰ ਨਸਾ ਤਸਕਰੀ ਦੇ ਮੁੱਦੇ ‘ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲ ਤਿੱਖਾ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲੱਗਦੇ 555 ਕਿਲੋਮੀਟਰ ਪਾਕਿਸਤਾਨ ਬਾਰਡਰ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੇਂਦਰ ਵੱਲੋਂ ਕਦੇ ਸਾਥ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ, ਜਿਸ ਨੇ ਨਸ਼ਾ ਰੋਕਣ ਲਈ ਐਂਟੀ-ਡਰੋਨ ਸਿਸਟਮ ਲਗਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਦੇ ਬਾਰਡਰ ਰਾਹੀਂ ਦੇਸ਼ ‘ਚ ਸਭ ਤੋਂ ਵੱਧ ਨਸ਼ਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨਸ਼ਿਆਂ ਵਿਰੁੱਧ ਜ਼ਰਾ ਵੀ ਗੰਭੀਰ ਹੁੰਦੀ ਤਾਂ ਸ਼ੁਰੂਆਤ ਗੁਜਰਾਤ ਤੋਂ ਕਰਦੀ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਨਸ਼ਿਆਂ ਦੀ ਸਪਲਾਈ ਭਾਜਪਾ ਸ਼ਾਸਤ ਸੂਬਿਆਂ ਗੁਜਰਾਤ ਤੇ ਰਾਜਸਥਾਨ ਤੋਂ ਆਉਂਦੀ ਹੈ ਪਰ ਭਾਜਪਾ ਉੱਥੇ ਕੁੱਝ ਕਰਨ ਦੀ ਥਾਂ ਪੰਜਾਬ ਅੰਦਰ ਆ ਕੇ ਨਸ਼ੇ ਰੋਕਣ ਦਾ ਢੰਡੋਰਾ ਪਿੱਟ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਚ ਫਸਾ ਕੇ ਰਾਜ ਕਰਨਾ ਹੈ, ਇਸ ਲਈ ਇਹ ਨਸ਼ਿਆਂ ਦੇ ਨਾਮ ਤੇ ਸਿਰਫ ਰਾਜਨੀਤੀ ਹੀ ਕਰ ਰਹੀ ਹੈ, ਜਿਸ ਦਾ ਆਮ ਆਦਮੀ ਪਾਰਟੀ ਸਖਤੀ ਨਾਲ ਮੁਕਾਬਲਾ ਕਰੇਗੀ।

LEAVE A REPLY

Please enter your comment!
Please enter your name here