ਪੰਜਾਬ ਨੰਗਲ ਐੱਨਐੱਫਐੱਲ ਪਲਾਂਟ ਦੇ ਵਿਸਥਾਰ ਦਾ ਰਾਹ ਪੱਧਰਾ/ ਕੇਂਦਰ ਸਰਕਾਰ ਨੇ ਨਵਾਂ ਪਲਾਂਟ ਲਾਉਣ ਨੂੰ ਦਿੱਤੀ ਮਨਜ਼ੂਰੀ/ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਨੇ ਕੇਂਦਰ ਦਾ ਕੀਤਾ ਧੰਨਵਾਦ By admin - September 13, 2026 0 1 Facebook Twitter Pinterest WhatsApp ਨੰਗਲ ਸਥਿਤ ਐਨਐਫਐਲ ਪਲਾਟ ਦੇ ਵਿਸਥਾਰ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰ ਸਰਕਾਰ ਨੇ ਇੱਥੇ ਇਕ ਹੋਰ ਨਵਾਂ ਪਲਾਂਟ ਲਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਪਲਾਂਟ ਦਾ ਵਿਸਥਾਰ ਹੋਣ ਤੋਂ ਬਾਅਦ ਇੱਥੇ ਯੂਰੀਆ ਉਤਪਾਦਨ ਦੀ ਸਮਰੱਥਾ 1550 ਮੀਟ੍ਰਿਕ ਟਨ ਤੋਂ ਵੱਧ ਕੇ 3850 ਮੀਟ੍ਰਿਕ ਟਨ ਰੋਜ਼ਾਨਾ ਹੋ ਜਾਵੇਗੀ। ਇਸ ਵਾਧੇ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਹੋਵੇਗਾ, ਉੱਥੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕੇ ਵੀ ਮਿਲਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਣ ਵਾਲੇ ਉਨ੍ਹਾਂ ਨੇ ਇਸ ਦੇ ਵਿਸਥਾਰ ਦਾ ਵਾਅਦਾ ਕੀਤਾ ਸੀ ਜੋ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਇਸ ਉਪਲਬਧੀ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਆਰਥਿਕ ਵਿਕਾਸ ਲਈ ਅਹਿਮ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨਐੱਫਐੱਲ) ਦੇ ਪਲਾਂਟ ਦੇ ਨਵੀਨੀਕਰਨ ਅਤੇ ਵਿਸਥਾਰ ਨੂੰ ਕੇਂਦਰ ਸਰਕਾਰ ਦੀ ਪ੍ਰੋਜੈਕਟ ਮਨਜ਼ੂਰੀ ਕਮੇਟੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਵਿੱਚ ਉਦਯੋਗਿਕ ਗਤੀਵਿਧੀਆਂ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇੱਥੇ ਸਥਾਨਕ ਪੀਐਸਸੀਬੀ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸ਼ਰਮਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਸਮੇਂ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨਾਲ ਨੰਗਲ ਐੱਨਐੱਫਐੱਲ ਪਲਾਂਟ ਦੇ ਆਧੁਨਿਕੀਕਰਨ ਤੇ ਵਿਸਥਾਰ ਕਰਨ ਲਈ ਯਤਨ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਹੋਰ ਕੇਂਦਰੀ ਆਗੂਆਂ ਨਾਲ ਇਸ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਯੂਰੀਆ ਉਤਪਾਦਨ ਵਧਾਉਣ ਲਈ ਮਨਜ਼ੂਰ ਕੀਤੇ ਗਏ ਅੱਠ ਨਵੇਂ ਪਲਾਂਟਾਂ ਵਿੱਚ ਨੰਗਲ ਦਾ ਪਲਾਂਟ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪਲਾਂਟ ਦੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ ਅਤੇ ਨਵੀਂ ਤਕਨਾਲੋਜੀ ਨਾਲ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਇਸ ਸਮੇਂ ਨੰਗਲ ਪਲਾਂਟ ਵਿੱਚ ਰੋਜ਼ਾਨਾ ਲਗਪਗ 1550 ਮੀਟ੍ਰਿਕ ਟਨ ਯੂਰੀਆ ਪੈਦਾ ਹੁੰਦਾ ਹੈ, ਜਦਕਿ ਨਵੇਂ ਪਲਾਂਟ ਦੇ ਚਾਲੂ ਹੋਣ ਮਗਰੋਂ ਇਹ ਸਮਰੱਥਾ ਵਧ ਕੇ 3850 ਮੀਟ੍ਰਿਕ ਟਨ ਰੋਜ਼ਾਨਾ ਹੋ ਜਾਵੇਗੀ। ਡਾ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਨੰਗਲ ਅਤੇ ਬਠਿੰਡਾ ਪਲਾਂਟਾਂ ਦੀ ਮੌਜੂਦਾ ਉਤਪਾਦਨ ਸਮਰੱਥਾ ਸੂਬੇ ਦੇ ਕਿਸਾਨਾਂ ਦੀ ਯੂਰੀਆ ਦੀ ਮੰਗ ਪੂਰੀ ਕਰਨ ਲਈ ਕਾਫ਼ੀ ਨਹੀਂ ਸੀ, ਜਿਸ ਕਾਰਨ ਬਾਹਰਲੇ ਸੂਬਿਆਂ ਤੋਂ ਯੂਰੀਆ ਮੰਗਵਾਉਣਾ ਪੈਂਦਾ ਸੀ। ਨੰਗਲ ਪਲਾਂਟ ਦੀ ਉਤਪਾਦਨ ਸਮਰੱਥਾ ਵਧਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਲਾਂਟ ਦੇ ਵਿਸਥਾਰ ਨਾਲ ਨੰਗਲ, ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਰੋਪੜ ਇਲਾਕੇ ਸਮੇਤ ਗੁਆਂਢੀ ਹਿਮਾਚਲ ਪ੍ਰਦੇਸ਼ ਦੇ ਊਨਾ ਖੇਤਰ ਦੇ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਨਵੀਆਂ ਨੌਕਰੀਆਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਥਾਨਕ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ। ਇਸ ਦੇ ਨਾਲ ਹੀ ਸਹਾਇਕ ਉਦਯੋਗਾਂ, ਟਰਾਂਸਪੋਰਟ ਅਤੇ ਹੋਰ ਕਾਰੋਬਾਰੀ ਗਤੀਵਿਧੀਆਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬਾ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।