ਫਰੀਦਕੋਟ ’ਚ ਕਿਸਾਨ ਤੇ ਪੁਲਿਸ ਤੇ ਆਹਮੋ ਸਾਹਮਣੇ/ ਡੱਲੇਵਾਲ ਦੀ ਨਜ਼ਰਬੰਦੀ ਨੂੰ ਲੈ ਕੇ ਹੋਇਆ ਹੰਗਾਮਾ/ ਬਾਬਾ ਫਰੀਦ ਮੇਲੇ ਤਕ ਪ੍ਰਦਰਸ਼ਨ ਰੋਕਣ ’ਤੇ ਬਣੀ ਸਹਿਮਤੀ

0
1

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਘਰ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਘਰ ਅੰਦਰ ਨਜ਼ਰਬੰਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਹਮੋ-ਸਾਹਮਣੇ ਆ ਗਏ। ਇਸ ਤੋਂ ਬਾਅਦ ਘਰ ਦੀਆਂ ਕੰਧਾਂ ਟੱਪ ਕੇ ਘਰ ਅੰਦਰ ਦਾਖਲ ਹੋਏ ਕਿਸਾਨਾਂ ਦਾ ਜਥਾ ਡੱਲੇਵਾਲ ਨੂੰ ਲੈ ਕੇ ਰਵਾਨਾ ਹੋ ਗਿਆ, ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਫਿਰੋਜਪੁਰ ਰੋਡ ਤੇ ਰੋਕ ਲਿਆ। ਇਸ ਤੋਂ ਬਾਅਦ ਕਾਫੀ ਦੇਰ ਹੰਗਾਮਾ ਹੋਣ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਸਰਕਾਰ ਨਾਲ ਮੀਟਿੰਗ ਦੀ ਸਹਿਮਤੀ ਤੋਂ ਬਾਅਦ ਧਰਨਾ ਸਮਾਪਤ ਹੋ ਗਿਆ।
ਦੱਸਣਯੋਗ ਹੈ ਕਿ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਲੈਂਡ ਮੋਰਗੇਜ ਬੈਂਕਾਂ ਦੇ ਅੱਗੇ ਇਕੱਠ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ। ਇਹ ਪ੍ਰੋਗਰਾਮ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਕੀਤਾ ਜਾਣਾ ਸੀ। ਪਰ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਹੀ ਪੰਜਾਬ ਭਰ ਵਿੱਚ ਕਈ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ।
ਇਸੇ ਦੇ ਤਹਿਤ ਫਰੀਦਕੋਟ ਵਿੱਚ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਡੱਲੇਵਾਲ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ। ਘਰ ਦਾ ਗੇਟ ਬੰਦ ਹੋਣ ਕਾਰਨ ਕੁਝ ਕਿਸਾਨ ਆਗੂ ਗੇਟ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਗੇਟ ਖੋਲ੍ਹਣ ਤੋਂ ਬਾਅਦ ਜਥਾ ਧਰਨੇ ਲਈ ਰਵਾਨਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਭਾਰੀ ਪੁਲਿਸ ਬਲ ਦੀ ਮਦਦ ਨਾਲ ਕਿਸਾਨਾਂ ਦੇ ਜਥੇ ਨੂੰ ਫਿਰੋਜ਼ਪੁਰ ਰੋਡ ’ਤੇ ਰੋਕ ਲਿਆ ਗਿਆ।
ਮੌਕੇ ’ਤੇ ਫਰੀਦਕੋਟ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਅਤੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਗਈ। ਹਾਲਾਂਕਿ ਪਹਿਲੀ ਗੱਲਬਾਤ ਦੌਰਾਨ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਅੱਗੇ ਵਧਣ ਦਾ ਫੈਸਲਾ ਲਿਆ। ਪੁਲਿਸ ਅਧਿਕਾਰੀਆਂ ਵੱਲੋਂ ਡੱਲੇਵਾਲ ਨੂੰ ਅੱਗੇ ਨਾ ਵਧਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਉਹ ਅੱਗੇ ਵਧਦੇ ਹਨ ਤਾਂ ਮਜਬੂਰਨ ਗ੍ਰਿਫ਼ਤਾਰੀ ਕਰਨੀ ਪੈ ਸਕਦੀ ਹੈ।
ਇਸ ਦੇ ਬਾਵਜੂਦ ਕਿਸਾਨ ਅੱਗੇ ਵਧਦੇ ਰਹੇ ਅਤੇ ਜਦੋਂ ਕਿਸਾਨਾਂ ਦਾ ਜਥਾ ਫਰੀਦਕੋਟ ਸ਼ਹਿਰ ਅੰਦਰ ਦਾਖ਼ਲ ਹੋਇਆ ਤਾਂ ਕਿਸਾਨਾਂ ਵੱਲੋਂ ਸੜਕ ’ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ। ਇਸ ਤੋਂ ਕੁਝ ਸਮੇਂ ਬਾਅਦ ਫਰੀਦਕੋਟ ਪ੍ਰਸ਼ਾਸਨ ਨਾਲ ਮੁੜ ਗੱਲਬਾਤ ਹੋਈ। ਗੱਲਬਾਤ ਦੌਰਾਨ ਫਰੀਦਕੋਟ ਵਿੱਚ ਹੋਣ ਵਾਲੇ 19 ਤੋਂ 23 ਸਤੰਬਰ ਤੱਕ ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਦੇ ਮੱਦੇਨਜ਼ਰ ਅਤੇ 26 ਸਤੰਬਰ ਤੋਂ ਬਾਅਦ ਸਰਕਾਰ ਨਾਲ ਮੀਟਿੰਗ ਲਈ ਦਿੱਤੇ ਸਮੇਂ ’ਤੇ ਕਿਸਾਨ ਆਗੂਆਂ ਵੱਲੋਂ ਸਹਿਮਤੀ ਜਤਾਈ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਸਮਾਪਤ ਕਰਦਿਆਂ ਵਾਪਸੀ ਦਾ ਫੈਸਲਾ ਕੀਤਾ।

LEAVE A REPLY

Please enter your comment!
Please enter your name here