ਜਲਾਲਾਬਾਦ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ/ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਕਤਲ/ ਦੋ ਮੁਲਜ਼ਮ ਕੀਤੇ ਗ੍ਰਿਫਤਾਰ, ਦੋ ਦੀ ਭਾਲ ਜਾਰੀ

0
1

ਜਲਾਲਾਬਾਦ ਪੁਲਿਸ ਨੇ ਤਲਾਕਸ਼ੁਦਾ ਮਹਿਲਾ ਕਿਰਨ ਨੂੰ ਅਗਵਾ ਕਰ ਕੇ ਕਤਲ ਕਰਨ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋ ਮੁਜ਼ਮਮਾਂ ਨੂੰ ਗ੍ਰਿਫਤਾਰ ਕਰ ਕੇ ਲਾਸ਼ ਵੀ ਬਰਾਮਦ ਕਰ ਰਹੀ ਹੈ। ਇਹ ਕਤਲ ਮ੍ਰਿਤਕਾ ਦੇ ਪ੍ਰੇਮੀ ਰਮਨ ਮਿੱਢਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਉਸ ਨੇ ਪਹਿਲਾਂ ਮ੍ਰਿਤਕਾ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਕੇ ਲਾਸ਼ ਰਾਜਸਥਾਨ ਫੀਡਰ ਵਿਚ ਸੁੱਟ ਦਿੱਤੀ ਸੀ ਜੋ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੋ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਦਰਅਸਲ, ਕਿਰਨ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਮਾਤਾ ਨੀਲਮ ਰਾਣੀ ਵੱਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਮਾਤਾ ਨੇ ਪੁਲਿਸ ਨੂੰ ਦੱਸਿਆ ਕਿ 32 ਸਾਲਾ ਕਿਰਨ ਦਾ ਵਿਆਹ ਸਾਲ 2011 ਵਿੱਚ ਹੋਇਆ ਸੀ ਅਤੇ ਕਰੀਬ ਡੇਢ ਸਾਲ ਪਹਿਲਾਂ ਉਸ ਦਾ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਕਿਰਨ ਜਲਾਲਾਬਾਦ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਮਾਤਾ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਕਿਰਨ ਦੀ ਰਮਨ ਮਿੱਢਾ ਨਾਲ ਜਾਣ-ਪਛਾਣ ਸੀ ਅਤੇ ਉਹ ਅਕਸਰ ਉਸ ਨੂੰ ਮਿਲਣ ਜਾਂਦੀ ਸੀ। ਮਾਤਾ ਨੇ ਦੋਸ਼ ਲਗਾਇਆ ਕਿ ਰਮਨ ਨੇ ਵਿਆਹ ਦਾ ਲਾਰਾ ਲਗਾ ਕੇ ਕਿਰਨ ਦਾ ਗਰਭਪਾਤ ਵੀ ਕਰਵਾ ਦਿੱਤਾ ਸੀ।
ਇਸ ਦੌਰਾਨ ਕਿਰਨ ਦਾ ਫੋਨ ਬੰਦ ਹੋਣ ’ਤੇ ਮਾਮਲਾ ਪੁਲਸ ਕੋਲ ਪਹੁੰਚਿਆ। 30 ਅਗਸਤ ਨੂੰ ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਰਮਨ ਮਿੱਢਾ, ਸੋਨੂੰ ਭਟੇਜਾ, ਸਾਗਰ ਕੰਬੋਜ ਅਤੇ ਕਾਕੂ ਛਾਬੜਾ ਖ਼ਿਲਾਫ਼ ਅਗਵਾ ਸਬੰਧੀ ਮਾਮਲਾ ਦਰਜ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਨੇ ਜਾਂਚ ਤੇਜ਼ ਕੀਤੀ ਅਤੇ ਰਮਨ ਮਿੱਢਾ ਤੇ ਸਾਗਰ ਕੰਬੋਜ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪਹਿਲਾਂ ਚਾਰ ਦਿਨ ਦਾ ਅਤੇ ਬਾਅਦ ਵਿੱਚ ਦੋ ਦਿਨ ਦਾ ਹੋਰ ਪੁਲਸ ਰਿਮਾਂਡ ਮਿਲਿਆ। ਪੁਲਿਸ ਮੁਤਾਬਕ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਕਿਰਨ ਦੇ ਪ੍ਰੇਮੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕੀਤਾ ਗਿਆ। ਇਸ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਮੱਖੂ ਨੇੜੇ ਵੱਡੀਆਂ ਨਹਿਰਾਂ ਦੇ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤਾ ਗਿਆ।
ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਲਾਸ਼ ਦੀ ਭਾਲ ਲਈ ਮੁਹਿੰਮ ਚਲਾਈ। ਇਸ ਦੌਰਾਨ ਕਿਰਨ ਦੀ ਲਾਸ਼ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਸਥਿਤ ਲੱਖੋਵਾਲੀ ਹੈਡ ਤੋਂ ਬਰਾਮਦ ਕਰ ਲਈ ਗਈ। ਪੁਲਿਸ ਅਨੁਸਾਰ ਲਾਸ਼ ਬਰਾਮਦ ਹੋਣ ਤੋਂ ਬਾਅਦ ਅਗਵਾ ਦੇ ਮਾਮਲੇ ਵਿੱਚ ਕਤਲ ਦੀ ਧਾਰਾ ਦਾ ਵਾਧਾ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਵਾਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਵਿੱਚ ਨਾਮਜ਼ਦ ਬਾਕੀ ਦੋ ਮੁਲਜ਼ਮ ਸੋਨੂੰ ਭਟੇਜਾ ਅਤੇ ਕਾਕੂ ਛਾਬੜਾ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਦੋਵਾਂ ਦੀ ਭਾਲ ਲਈ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਮਿਲੇ ਸੁਰਾਗਾਂ ਅਤੇ ਪੁੱਛਗਿੱਛ ਦੇ ਆਧਾਰ ’ਤੇ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਮਿਲੀ ਹੈ।

LEAVE A REPLY

Please enter your comment!
Please enter your name here