ਪੰਜਾਬ ਗੁਰਦਾਸਪੁਰ ਦੇ ਰਾਈਸ ਮਿੱਲਰ ਸਰਕਾਰ ਤੋਂ ਡਾਢੇ ਨਾਰਾਜ਼/ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਪੇਸ ਦੀ ਭਾਰੀ ਕਮੀ/ ਰਾਈਸ ਮਿੱਲਰਾਂ ਨੇ ਸਰਕਾਰ ਤੋਂ ਤੁਰੰਤ ਹੱਲ ਦੀ ਮੰਗ ਕੀਤੀ By admin - September 7, 2026 0 1 Facebook Twitter Pinterest WhatsApp ਝੋਨੇ ਦੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਰਾਈਸ ਮਿੱਲਰਾਂ ਸਾਹਮਣੇ ਸਟੋਰੇਜ ਸਪੇਸ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਰਾਈਸ ਮਿੱਲਰਾਂ ਦਾ ਕਹਿਣਾ ਹੈ ਕਿ ਪਿਛਲੇ ਸੀਜ਼ਨ ਦੀ ਕਣਕ ਅਤੇ ਝੋਨੇ ਦੀ ਫ਼ਸਲ ਨਾਲ ਸਬੰਧਤ ਸਟਾਕ ਅਤੇ ਵੈਗਨ ਅਜੇ ਤੱਕ ਪੂਰੀ ਤਰ੍ਹਾਂ ਖਾਲੀ ਨਹੀਂ ਹੋਏ, ਜਿਸ ਕਾਰਨ ਰਾਈਸ ਮਿੱਲਾਂ, ਸ਼ੈਲਰਾਂ ਅਤੇ ਮੰਡੀਆਂ ਵਿੱਚ ਆਉਣ ਵਾਲੇ ਨਵੇਂ ਝੋਨੇ ਨੂੰ ਸਟੋਰ ਕਰਨ ਲਈ ਲੋੜੀਂਦੀ ਜਗ੍ਹਾ ਉਪਲਬਧ ਨਹੀਂ ਰਹੀ। ਪੰਜਾਬ ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੇ ਸਰਕਾਰ ਤੋਂ ਪਹਿਲਾਂ ਪਏ ਝੋਨੇ ਤੇ ਕਣਕ ਨੂੰ ਚੁਕਾ ਕੇ ਸਪੇਸ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਝੋਨੇ ਦੀ ਆਉਂਦੀ ਫਸਲ ਨੂੰ ਸਟੋਰ ਕੀਤਾ ਜਾ ਸਕੇ। ਬਾਈਟ-ਬਲਵਿੰਦਰ ਸਿੰਘ ਹਰੂਵਾਲ, ਪੰਜਾਬ ਪ੍ਰਧਾਨ (00.48-02.12 ਜਾਂ 02.45) ਇਸ ਤੋਂ ਪਹਿਲਾਂ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦਾ ਗੁਰਦਾਸਪੁਰ ਪਹੁੰਚਣ ਉਤੇ ਜ਼ਿਲ੍ਹੇ ਦੇ ਰਾਈਸ ਮਿੱਲਰਾਂ ਵੱਲੋਂ ਵਿਸ਼ੇਸ਼ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਾਈਸ ਮਿੱਲਰਾਂ ਨੇ ਉਨ੍ਹਾਂ ਨਾਲ ਝੋਨੇ ਦੇ ਆਉਣ ਵਾਲੇ ਸੀਜ਼ਨ ਨਾਲ ਜੁੜੀਆਂ ਆਪਣੀਆਂ ਮੁੱਖ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਰਾਈਸ ਮਿੱਲਰਾਂ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਸਟੋਰੇਜ ਸਪੇਸ ਨੂੰ ਲੈ ਕੇ ਹੈ। ਜੇਕਰ ਪਿਛਲੇ ਸੀਜ਼ਨ ਦਾ ਸਟਾਕ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ ਅਤੇ ਨਵੀਂ ਫ਼ਸਲ ਲਈ ਪਹਿਲਾਂ ਹੀ ਸਟੋਰੇਜ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਫ਼ਸਲ ਦੀ ਖਰੀਦ ਅਤੇ ਸਟੋਰੇਜ ਨੂੰ ਲੈ ਕੇ ਗੰਭੀਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਮਿੱਲਰਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਨਵੇਂ ਝੋਨੇ ਨੂੰ ਸਟੋਰ ਕਰਨ ਲਈ ਲੋੜੀਂਦੀ ਸਪੇਸ ਦਾ ਢੁਕਵਾਂ ਪ੍ਰਬੰਧ ਨਹੀਂ ਕਰਦੀ ਅਤੇ ਸਟੋਰੇਜ ਸਬੰਧੀ ਸਪਸ਼ਟ ਨੀਤੀ ਸਾਹਮਣੇ ਨਹੀਂ ਲਿਆਉਂਦੀ, ਉਦੋਂ ਤੱਕ ਰਾਈਸ ਮਿੱਲਰਾਂ ਨਾਲ ਅਗਲੇ ਸੀਜ਼ਨ ਲਈ ਐਗਰੀਮੈਂਟ ਕਰਨ ਵਿੱਚ ਮੁਸ਼ਕਲ ਰਹੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਮਸਲੇ ਦਾ ਸਥਾਈ ਅਤੇ ਵਿਵਹਾਰਕ ਹੱਲ ਕੱਢਿਆ ਜਾਵੇ।ਇਸ ਮੌਕੇ ਰਾਈਸ ਮਿੱਲਰਾਂ ਨੇ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਲਗਾਈਆਂ ਜਾ ਰਹੀਆਂ ਹਾਈਬ੍ਰਿਡ ਝੋਨੇ ਦੀਆਂ ਵਰਾਇਟੀਆਂ ਕਾਰਨ ਪੈਦਾ ਹੋ ਰਹੀ ਸਮੱਸਿਆ ਵੀ ਉਠਾਈ। ਮਿੱਲਰਾਂ ਅਨੁਸਾਰ ਹਾਈਬ੍ਰਿਡ ਵਰਾਇਟੀਆਂ ਵਿੱਚ ਚਾਵਲ ਦਾ ਬ੍ਰੋਕਨ ਕਾਫ਼ੀ ਜ਼ਿਆਦਾ ਹੋਣ ਕਾਰਨ ਯੀਲਡ ਪ੍ਰਭਾਵਿਤ ਹੁੰਦੀ ਹੈ ਅਤੇ ਮਿੱਲਿੰਗ ਦੌਰਾਨ ਮਿੱਲਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਲਰ ਮਾਲਿਕਾ ਜਰਨੈਲ ਸਿੰਥ ਬਲਵਿੰਦਰ ਜੀਤ ਸਿੰਘ ਅਤੇ ਹੀਰਾ ਲਾਲ , ਜੰਗ ਬਹਾਦਰ ਨੇ ਦੱਸਿਆ ਕਿ ਕੁਝ ਹਾਲਾਤਾਂ ਵਿੱਚ ਬ੍ਰੋਕਨ ਦੀ ਮਾਤਰਾ ਲਗਭਗ 40 ਤੋਂ 45 ਫ਼ੀਸਦੀ ਤੱਕ ਪਹੁੰਚ ਜਾਂਦੀ ਹੈ। ਇਸ ਦੇ ਮੁਕਾਬਲੇ ਐੱਫ.ਸੀ.ਆਈ. ਵੱਲੋਂ ਚਾਵਲ ਦੀ ਗੁਣਵੱਤਾ ਅਤੇ ਬ੍ਰੋਕਨ ਸਬੰਧੀ ਨਿਰਧਾਰਤ ਮਾਪਦੰਡਾਂ ਕਾਰਨ ਰਾਈਸ ਮਿੱਲਰਾਂ ਲਈ ਵੱਧ ਬ੍ਰੋਕਨ ਵਾਲੇ ਚਾਵਲ ਦੀ ਸਪਲਾਈ ਕਰਨਾ ਵੱਡੀ ਚੁਣੌਤੀ ਬਣ ਜਾਂਦਾ ਹੈ। ਮਿੱਲਰਾਂ ਦਾ ਕਹਿਣਾ ਹੈ ਕਿ ਐੱਫ.ਸੀ.ਆਈ. ਵੱਲੋਂ 10 ਫ਼ੀਸਦੀ ਵਾਲੇ ਚਾਵਲ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਹਾਈਬ੍ਰਿਡ ਵਰਾਇਟੀ ਵਿੱਚ ਬ੍ਰੋਕਨ ਦੀ ਮਾਤਰਾ ਇਸ ਤੋਂ ਕਾਫ਼ੀ ਵੱਧ ਹੋਣ ਕਾਰਨ ਮਿੱਲਰਾਂ ਲਈ ਨਿਰਧਾਰਤ ਮਾਪਦੰਡ ਪੂਰੇ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਮਸਲੇ ’ਤੇ ਵੀ ਸਰਕਾਰ ਨੂੰ ਕਿਸਾਨਾਂ, ਮਿੱਲਰਾਂ ਅਤੇ ਖਰੀਦ ਏਜੰਸੀਆਂ ਨਾਲ ਮਿਲ ਕੇ ਵਿਵਹਾਰਕ ਹੱਲ ਕੱਢਣ ਦੀ ਲੋੜ ਹੈ।ਰਾਈਸ ਮਿੱਲਰਾਂ ਨੇ ਬਿਜਲੀ ਦੇ ਵਧਦੇ ਬਿੱਲਾਂ ਅਤੇ ਲੇਬਰ ਦੇ ਖਰਚਿਆਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਿਜਲੀ ਅਤੇ ਮਜ਼ਦੂਰੀ ਨਾਲ ਸਬੰਧਤ ਖਰਚਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਕਾਰਨ ਰਾਈਸ ਮਿੱਲਿੰਗ ਦਾ ਕੰਮ ਕਰਨਾ ਪਹਿਲਾਂ ਦੇ ਮੁਕਾਬਲੇ ਕਾਫ਼ੀ ਮਹਿੰਗਾ ਹੋ ਗਿਆ ਹੈ।ਮਿੱਲਰਾਂ ਨੇ ਕਿਹਾ ਕਿ ਇੱਕ ਪਾਸੇ ਸਟੋਰੇਜ ਦੀ ਸਮੱਸਿਆ, ਦੂਜੇ ਪਾਸੇ ਵਧਦੇ ਸੰਚਾਲਨ ਖਰਚੇ ਅਤੇ ਤੀਜੇ ਪਾਸੇ ਚਾਵਲ ਦੀ ਯੀਲਡ ਤੇ ਬ੍ਰੋਕਨ ਨਾਲ ਜੁੜੀਆਂ ਮੁਸ਼ਕਲਾਂ ਕਾਰਨ ਉਨ੍ਹਾਂ ਦਾ ਕਾਰੋਬਾਰ ਲਗਾਤਾਰ ਦਬਾਅ ਹੇਠ ਹੈ।ਰਾਈਸ ਮਿੱਲਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਲਗਾਤਾਰ ਆਪਣੀਆਂ ਸਮੱਸਿਆਵਾਂ ਸਰਕਾਰ ਅਤੇ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਇਨ੍ਹਾਂ ਮਸਲਿਆਂ ਦਾ ਕੋਈ ਢੁਕਵਾਂ ਹੱਲ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਟੋਰੇਜ, ਐਗਰੀਮੈਂਟ, ਹਾਈਬ੍ਰਿਡ ਵਰਾਇਟੀ, ਬ੍ਰੋਕਨ ਅਤੇ ਵਧਦੇ ਖਰਚਿਆਂ ਵਰਗੇ ਮੁੱਦਿਆਂ ’ਤੇ ਸਪਸ਼ਟ ਫ਼ੈਸਲੇ ਨਾ ਲਏ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।ਰਾਈਸ ਮਿੱਲਰਾਂ ਨੇ ਉਮੀਦ ਜਤਾਈ ਕਿ ਸ੍ਰੀ ਹਰਵਾਲ ਸਾਹਿਬ ਜੀ ਵੱਲੋਂ ਗੁਰਦਾਸਪੁਰ ਦੇ ਮਿੱਲਰਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਸਰਕਾਰ ਵੱਲੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਮੇਂ ਸਿਰ ਲੋੜੀਂਦੇ ਫ਼ੈਸਲੇ ਲਏ ਜਾਣਗੇ।ਮਿੱਲਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਸਟਾਕ ਦੀ ਨਿਕਾਸੀ ਤੇਜ਼ ਕੀਤੀ ਜਾਵੇ, ਨਵੇਂ ਝੋਨੇ ਲਈ ਲੋੜੀਂਦੀ ਸਟੋਰੇਜ ਸਪੇਸ ਦਾ ਪ੍ਰਬੰਧ ਕੀਤਾ ਜਾਵੇ, ਐੱਫ.ਸੀ.ਆਈ. ਦੇ ਮਾਪਦੰਡਾਂ ਅਤੇ ਹਾਈਬ੍ਰਿਡ ਵਰਾਇਟੀਆਂ ਕਾਰਨ ਪੈਦਾ ਹੋ ਰਹੀ ਬ੍ਰੋਕਨ ਦੀ ਸਮੱਸਿਆ ਦਾ ਵਿਵਹਾਰਕ ਹੱਲ ਕੱਢਿਆ ਜਾਵੇ ਅਤੇ ਵਧ ਰਹੇ ਬਿਜਲੀ ਤੇ ਲੇਬਰ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਰਾਈਸ ਮਿੱਲਿੰਗ ਉਦਯੋਗ ਨੂੰ ਰਾਹਤ ਦਿੱਤੀ ਜਾਵੇ।