ਸ੍ਰੀ ਮੁਕਤਸਰ ਦੇ ਪਿੰਡ ਔਲਖ ਵਿਖੇ ਕਿਸਾਨਾਂ ਦਾ ਜਾਮ/ ਮਲੋਟ-ਮੁਕਤਸਰ ਮਾਰਗ ਬੰਦ ਹੋਣ ਕਾਰਨ ਆਵਾਜਾਈ ਠੱਪ/ ਖੇਤਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਕਿਸਾਨ

0
1

ਖੇਤਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਦੇ ਚਲਦਿਆਂ ਕਿਸਾਨਾਂ ਅੰਦਰ ਗੁੱਸਾ ਵਧਦਾ ਦਾ ਰਿਹਾ ਹੈ। ਇਸੇ ਨੂੰ ਲੈ ਕੇ ਕਿਸਾਨਾਂ ਵੱਲੋਂ ਮੁਕਤਸਰ ਦੇ ਪਿੰਡ ਔਲਖ ਵਿਖੇ ਮਲੋਟ-ਮੁਕਤਸਰ ਰੋਡ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਇਲਜਾਮ ਸੀ ਕਿ ਉਨ੍ਹਾਂ ਨੂੰ 8 ਘੰਟੇ ਦੀ ਥਾਂ ਕੇਵਲ ਦੋ-ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ, ਜਿਸ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਲੋੜੀਂਦੀ ਬਿਜਲੀ ਸਪਲਾਈ ਨਾਲ ਮਿਲਣ ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।
ਦੂਜੇ ਪਾਸੇ ਕਿਸਾਨਾਂ ਦੇ ਧਰਨੇ ਕਾਰਨ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੁਖਦੇਵ ਸਿੰਘ ਸਾਬਕਾ ਸਰਪੰਚ, ਜਗਜੋਤ ਸਿੰਘ, ਮਹਿੰਦਰ ਸਿੰਘ, ਬਲਕਰਨ ਸਿੰਘ, ਕਰਮਾ ਕਰਨੀਵਾਲਾ, ਸੁੱਖੀ ਬਰਾੜ, ਅਮਨਾ ਸੰਧੂ , ਰਾਮ ਸਿੰਘ, ਬੂਟਾ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਔਲ਼ਖ ਗਰਿੱਡ ਤੋ ਸਾਡੇ ਖੇਤੀਬਾੜੀ ਲਈ ਬਿਜਲੀ ਸਪਲਾਈ ਨਿਰਧਾਰਤ ਸਮੇਂ ਅਤੇ ਲੋੜ ਅਨੁਸਾਰ ਨਹੀਂ ਮਿਲ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤਾਂ ਨੂੰ ਦੋ-ਚਾਰ ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਫਸਲਾਂ ਨੂੰ ਪਾਣੀ ਨਹੀਂ ਲੱਗ ਰਿਹਾ ਅਤੇ ਖੇਤ ਸੁੱਕਣ ਲੱਗ ਪਏ ਹਨ।
ਕਿਸਾਨਾਂ ਦਾ ਇਲਜ਼ਾਮ ਸੀ ਕਿ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਦੀ ਹਾਲਤ ਵੀ ਠੀਕ ਨਹੀਂ ਹੈ। ਘਰਾਂ ਵਿੱਚ ਵੀ ਲੰਬੇ-ਲੰਬੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨਾਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ ਲਈ ਨਿਰਵਿਘਨ ਅਤੇ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਫਸਲਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here