ਪਟਿਆਲਾ ਦੇ ਸਰਹੰਦ ਰੋਡ ਪਹੁੰਚੇ ਡਾ. ਬਲਬੀਰ ਸਿੰਘ/ ਸਫਾਈ ਮੁਹਿੰਮ ਦੇ ਤੀਜ਼ੇ ਦਿਨ ਪ੍ਰਬੰਧਾਂ ਦਾ ਲਿਆ ਜਾਇਜ਼ਾ/ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਤੋਂ ਮੰਗਿਆ ਸਹਿਯੋਗ

0
2

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਫਾਈ ਅਭਿਆਨ ਦੇ ਤੀਜੇ ਦਿਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਹੰਦ ਰੋਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫਾਈ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜਾਗਰੂਕ ਕੀਤਾ। ਡਾ. ਬਲਬੀਰ ਨੇ ਦੱਸਿਆ ਕਿ ਅਭਿਆਨ ਦੇ ਪਹਿਲੇ ਦਿਨ ਭਾਦਸੋਂ ਰੋਡ ’ਤੇ ਸਫਾਈ ਮੁਹਿੰਮ ਚਲਾਈ ਗਈ ਸੀ, ਜਦਕਿ ਅੱਜ ਸਰਹੰਦ ਰੋਡ ਦੇ ਆਸ-ਪਾਸ ਪੈਂਦੇ ਵਾਰਡਾਂ ਅਤੇ ਕਲੋਨੀਆਂ ਵਿੱਚ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਟ੍ਰੈਫਿਕ ਦੀ ਆਵਾਜਾਈ ਵੀ ਰਹਿੰਦੀ ਹੈ, ਇਸ ਲਈ ਇੱਥੇ ਕੂੜਾ ਨਾ ਸੁੱਟਣ ਅਤੇ ਸਫਾਈ ਬਣਾਈ ਰੱਖਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ, ਪਲਾਸਟਿਕ ਦੀਆਂ ਬੋਤਲਾਂ ਅਤੇ ਲੰਗਰਾਂ ਆਦਿ ਦੌਰਾਨ ਵਰਤੀ ਜਾਂਦੀ ਪਲਾਸਟਿਕ ਸਮੱਗਰੀ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਲੋਕਾਂ ਨੂੰ ਸਫਾਈ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ 6 ਅਤੇ 7 ਸਤੰਬਰ ਨੂੰ ਪਟਿਆਲਾ ਦੇ ਸਾਰੇ 60 ਵਾਰਡਾਂ ਵਿੱਚ ਇੱਕੋ ਸਮੇਂ ਵਿਸ਼ੇਸ਼ ਸਫਾਈ ਅਤੇ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਇਸ ਲਈ 60 ਵਾਰਡਾਂ ਵਾਸਤੇ 60 ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਵਾਰਡ ਵਾਈਜ਼ ਸਫਾਈ ਅਤੇ ਜਾਗਰੂਕਤਾ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਜਿਹੜਾ ਵਾਰਡ ਸਫਾਈ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ, ਉਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਡਾ. ਬਲਬੀਰ ਨੇ ਕਿਹਾ ਕਿ ਸਿਰਫ਼ ਸਫਾਈ ਕਰਨਾ ਹੀ ਕਾਫ਼ੀ ਨਹੀਂ, ਸਗੋਂ ਲੋਕਾਂ ਦੀ ਸੋਚ ਅਤੇ ਆਦਤਾਂ ਵਿੱਚ ਵੀ ਬਦਲਾਅ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਐਜੂਕੇਸ਼ਨ ਅਤੇ ਅਵੇਅਰਨੈੱਸ ਰਾਹੀਂ ਸਮਝਾਇਆ ਜਾਵੇਗਾ ਅਤੇ ਲੋੜ ਪੈਣ ’ਤੇ ਵਾਰਨਿੰਗ ਜਾਂ ਇਨਫੋਰਸਮੈਂਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ, ਪਰ ਸ਼ਹਿਰ ਨੂੰ ਸਾਫ਼ ਰੱਖਣਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਪਟਿਆਲਾ ਸਾਰਿਆਂ ਦਾ ਸ਼ਹਿਰ ਹੈ ਅਤੇ ਇਸ ਨੂੰ ਸਾਫ਼-ਸੁਥਰਾ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਸੜਕਾਂ ਜਾਂ ਜਨਤਕ ਥਾਵਾਂ ’ਤੇ ਨਾ ਸੁੱਟਣ ਅਤੇ ਸਫਾਈ ਅਭਿਆਨ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ।

LEAVE A REPLY

Please enter your comment!
Please enter your name here