ਸੰਗਰੂਰ ਵਾਸੀਆਂ ਲਈ ਵਿਧਾਇਕ ਭਰਾਜ ਦਾ ਉਪਰਾਲਾ/ ਸੀਵਰੇਜ ਸਮੱਸਿਆ ਦੇ ਹੱਲ ਤੇ ਸਫਾਈ ਦੀ ਮੁਹਿੰਮ ਸ਼ੁਰੂ/ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਪਾਈਪਲਾਈਨਾਂ ਦੀ ਸਫਾਈ

0
1

ਸੰਗਰੂਰ ਸ਼ਹਿਰ ਨੂੰ ਕੂੜੇ ਦੇ ਡੰਪਾਂ ਅਤੇ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਿਧਾਇਕਾ ਨਰਿੰਦਰ ਕੌਰ ਭਰਾਜ ਖੁਦ ਮੈਦਾਨ ਵਿੱਚ ਨਿੱਤਰੇ ਹਨ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸੀਵਰੇਜ ਦੀਆਂ ਸਮੱਸਿਆਵਾਂ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਪਾਈਪਲਾਈਨਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਗਿਆ ਹੈ।
​ਪੰਜਾਬ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੱਢੇ ਜਾਣ ਮਗਰੋਂ ਸੰਗਰੂਰ ਅਤੇ ਭਵਾਨੀਗੜ੍ਹ ਵਿਖੇ ਵੱਡੇ ਪੱਧਰ ‘ਤੇ ਸਫ਼ਾਈ ਅਭਿਆਨ ਵਿੱਢਿਆ ਗਿਆ ਹੈ। ਹੜਤਾਲ ਦੌਰਾਨ ਸ਼ਹਿਰ ਅੰਦਰ ਥਾਂ-ਥਾਂ ਬਣੇ ਆਰਜ਼ੀ ਕੂੜਾ ਡੰਪਾਂ ਨੂੰ ਨਗਰ ਕੌਂਸਲ ਵੱਲੋਂ ਤੇਜ਼ੀ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿਧਾਇਕਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਣੇ ਆਰਜ਼ੀ ਡੰਪਾਂ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਗਰ ਕੌਂਸਲ ਵੱਲੋਂ ਰੋਜ਼ਾਨਾ ਦਾ ਸ਼ਡਿਊਲ ਬਣਾ ਕੇ ਸ਼ਹਿਰ ਦੀ ਹਰ ਸੜਕ ਅਤੇ ਗਲੀ ਵਿੱਚੋਂ ਕੂੜਾ ਚੁੱਕਿਆ ਜਾ ਰਿਹਾ ਹੈ। ਜੇਕਰ ਕਿਸੇ ਵੀ ਇਲਾਕੇ ਵਿੱਚ ਕੂੜਾ ਬਾਕੀ ਰਹਿੰਦਾ ਹੈ ਤਾਂ ਲੋਕ ਸਾਡੇ ਜਾਂ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਸਕਦੇ ਹਨ।
​ਸ਼ਹਿਰ ਵਿੱਚ ਸੀਵਰੇਜ ਸਮੱਸਿਆ ਬਾਰੇ ਗੱਲ ਕਰਦਿਆਂ ਵਿਧਾਇਕਾ ਨੇ ਦੱਸਿਆ ਕਿ ਪਹਿਲੀ ਨਿੱਜੀ ਕੰਪਨੀ ਦਾ ਟੈਂਡਰ ਰੱਦ ਕਰਕੇ ਨਗਰ ਕੌਂਸਲ ਨੇ ਰੱਖ-ਰਖਾਅ ਆਪਣੇ ਜ਼ਿੰਮੇ ਲਿਆ ਹੈ। ਸ਼ਹਿਰ ਦੀ ਲਗਭਗ 17 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਦੀ ਸਫ਼ਾਈ ਲਈ ਸੁਪਰ ਸਕਸ਼ਨ ਮਸ਼ੀਨਾਂ ਰਾਤ 10 ਵਜੇ ਤੋਂ ਸਵੇਰ ਤੱਕ ਮੁੱਖ ਮਾਰਗਾਂ ‘ਤੇ ਕੰਮ ਕਰ ਰਹੀਆਂ ਹਨ। ਮੁੱਖ ਲਾਈਨਾਂ ਕਲੀਅਰ ਹੋਣ ਤੋਂ ਬਾਅਦ ਤੰਗ ਗਲੀਆਂ ਵਿੱਚ ਛੋਟੀਆਂ ਮਸ਼ੀਨਾਂ ਰਾਹੀਂ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇਗੀ ਤਾਂ ਜੋ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here