ਚੰਡੀਗੜ੍ਹ ’ਚ ਐਲਈਡੀ ਬਰਾਮਦ ਮਾਮਲਾ/ ਲਵਪ੍ਰੀਤ ਦੇ ਮਾਪਿਆਂ ਨੇ ਸ਼ਮੂਲੀਅਤ ਤੋਂ ਕੀਤਾ ਇਨਕਾਰ/ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਕੀਤੀ ਮੰਗ

0
1

ਚੰਡੀਗੜ੍ਹ ਦੇ ਜੰਗਲਾਂ ‘ਚੋਂ ਐਲਈਡੀ ਸਣੇ ਫੜੇ ਗਏ ਤਰਨ ਤਾਰਨ ਵਾਸੀ ਲਵਪ੍ਰੀਤ ਸਿੰਘ ਦੇ ਮਾਪਿਆਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਾਪਿਆਂ ਨੇ ਇਸ ਮਾਮਲੇ ਵਿਚ ਲਵਪ੍ਰੀਤ ਸਿੰਘ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।  ਮਾਪਿਆਂ ਮੁਤਾਬਕ ਲਵਪ੍ਰੀਤ ਸਿੰਘ ਦੋ ਦਿਨ ਪਹਿਲਾਂ ਆਪਣੇ ਭੂਆ ਦੇ ਮੁੰਡੇ ਜਸ਼ਨਪ੍ਰੀਤ ਸਿੰਘ ਨਾਲ ਘਰੋਂ ਧਾਰਮਿਕ ਸਥਾਨ ਉੱਪਰ ਮੱਥਾ ਟੇਕਣ ਲਈ ਯਾਤਰਾ ਦਾ ਕਹਿ ਕੇ ਰਵਾਨਾ ਹੋਇਆ ਸੀ। ਉਹ ਦੋਵੇਂ ਜਾਂਦੇ ਹੋਏ 1000 ਰੁਪਏ ਲੈ ਕੇ ਗਏ ਸਨ। ਪਰਿਵਾਰ ਨੇ ਵਿਸਫੋਟਕ ਸਮੱਗਰੀ ਬਰਾਮਦ ਹੋਣ ਨਿਰਪੱਖ ਜਾਂਚ ਮੰਗੀ ਹੈ।
ਦੱਸ ਦਈਏ ਕਿ ਲਵਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਪਿੰਡ ਸਰਹਾਲੀ ਕਲਾਂ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦਿਹਾੜੀਦਾਰ ਹਨ ਤੇ ਉਹ ਵੀ ਪੇਂਟਰ ਵਜੋਂ ਕੰਮ ਕਰਦਾ ਹੈ। ਬੀਤੇ ਸਾਲ ਜੂਨ ਮਹੀਨੇ ਵਿਚ ਥਾਣਾ ਸਰਹਾਲੀ ਵਿਖੇ 7 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਲਵਪ੍ਰੀਤ ਸਿੰਘ ਦੇ ਖਿਲਾਫ ਪਰਚਾ ਦਰਜ ਹੋ ਚੁੱਕਾ ਹੈ ਤੇ ਉਹ ਜ਼ਮਾਨਤ ਉੱਪਰ ਬਾਹਰ ਆਇਆ ਹੋਇਆ ਸੀ।
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੈਰੋਇਨ ਮਾਮਲੇ ‘ਚ ਜੇਲ੍ਹ ਅੰਦਰ ਰਹਿਣ ਦੌਰਾਨ ਉਹ ਗੈਂਗਸਟਰਾਂ ਦੇ ਸੰਪਰਕ ਵਿਚ ਆਇਆ ਹੋਵੇ। ਦੂਜੇ ਪਾਸੇ, ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਤਰਨਤਾਰਨ ਪਹੁੰਚਾਈ ਗਈ ਸੀ। ਪੁਲਿਸ ਵੱਡੇ ਪੱਧਰ ਉੱਪਰ ਜਾਂਚ ਵਿਚ ਜੁਟੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮਾਮਲੇ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

LEAVE A REPLY

Please enter your comment!
Please enter your name here