ਪੰਜਾਬ ਅੰਮ੍ਰਿਤਸਰ ਡੀਸੀ ਦਫਤਰ ਪਹੁੰਚਿਆ ਕਰਜ਼-ਵਸੂਲੀ ਮਾਮਲਾ/ ਪੀੜਤ ਪਰਿਵਾਰ ਨੇ ਡਿਪਟੀ ਕਮਿਸ਼ਨਰ ਤੋਂ ਮੰਗੀ ਮਦਦ/ ਕਰਜ਼ਾ ਮੁਕਤੀ ਜਾਂ ਖੁਦਕੁਸ਼ੀ ਲਈ ਇਜ਼ਾਜਤ ਦੇਣ ਦੀ ਮੰਗ By admin - August 20, 2026 0 1 Facebook Twitter Pinterest WhatsApp ਕਰਜ਼ੇ ਅਤੇ ਵਿਆਜ ਦੇ ਬੋਝ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਤਕ ਪਹੁੰਚ ਕੇ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਪ੍ਰਿੰਸ ਸਿੰਘ ਨੇ ਕਰਜ਼-ਮੁਕਤੀ ਦੇ ਨਾਲ-ਨਾਲ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪ੍ਰਿੰਸ ਸਿੰਘ ਮੁਤਾਬਕ ਉਹ ਕਰਜ਼ੇ ਦਾ ਵਿਆਜ਼ ਉਤਾਰ-ਉਤਾਰ ਕੇ ਪ੍ਰੇਸ਼ਾਨ ਹੋ ਚੁੱਕਾ ਹੈ ਅਤੇ ਹੁਣ ਉਹ ਕਰਜ਼ੇ ਦੇ ਵਿਆਜ਼ ਦੇਣ ਦੀ ਹਾਲਤ ਵਿਚ ਨਹੀਂ ਹੈ, ਇਸ ਲਈ ਜਾਂ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਜਾਂ ਉਸ ਨੂੰ ਆਤਮਹੱਤਿਆ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਮੁਤਾਬਕ ਪੀੜਤ ਦੀ ਦਰਖਾਸਤ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਅਤੇ ਛੇਤੀ ਹੀ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪ੍ਰਿੰਸ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਆਜ ਅਦਾ ਕਰਦਾ ਆ ਰਿਹਾ ਹੈ। ਕਰਜ਼ਾ ਚੁਕਾਉਣ ਲਈ ਉਸਨੇ ਆਪਣਾ ਮਕਾਨ ਅਤੇ ਜ਼ਮੀਨ ਤੱਕ ਗਿਰਵੀ ਰੱਖ ਦਿੱਤੀ, ਪਰ ਇਸ ਦੇ ਬਾਵਜੂਦ ਕਰਜ਼ਾ ਖਤਮ ਨਹੀਂ ਹੋ ਸਕਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਉਸ ਕੋਲ ਕਰਜ਼ਾ ਵਾਪਸ ਕਰਨ ਲਈ ਕੋਈ ਸਾਧਨ ਨਹੀਂ ਬਚਿਆ। ਉਸਦਾ ਦੋਸ਼ ਹੈ ਕਿ ਕਰਜ਼ਾ ਦੇਣ ਵਾਲੇ ਲੋਕ ਲਗਾਤਾਰ ਪੈਸੇ ਵਾਪਸ ਕਰਨ ਲਈ ਦਬਾਅ ਬਣਾ ਰਹੇ ਹਨ ਅਤੇ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਿੰਸ ਸਿੰਘ ਨੇ ਦਾਅਵਾ ਕੀਤਾ ਕਿ ਕੁਝ ਲੋਕ ਉਸਦਾ ਪਿੱਛਾ ਕਰਦੇ ਹਨ ਅਤੇ ਘਰ ਦੇ ਬਾਹਰ ਖੜ੍ਹੇ ਹੋ ਕੇ ਵੀ ਧਮਕੀਆਂ ਦਿੰਦੇ ਹਨ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਉਸਦੀ ਬੱਚੀ ਦਾ ਵੀ ਪਿੱਛਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੂਰਾ ਪਰਿਵਾਰ ਡਰ ਦੇ ਮਾਹੌਲ ਵਿੱਚ ਰਹਿ ਰਿਹਾ ਹੈ। ਪੀੜਤ ਨੇ ਪ੍ਰਸ਼ਾਸਨ ਅੱਗੇ ਮੁੱਖ ਤੌਰ ’ਤੇ ਦੋ ਮੰਗਾਂ ਰੱਖੀਆਂ ਹਨ। ਪਹਿਲੀ, ਉਸਦੇ ਕਰਜ਼ੇ ਅਤੇ ਵਿਆਜ ਨਾਲ ਜੁੜੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਇਸ ਮੁਸੀਬਤ ਤੋਂ ਬਾਹਰ ਨਿਕਲ ਸਕੇ। ਦੂਜੀ, ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਸਨੇ ਦੱਸਿਆ ਕਿ ਪਰਿਵਾਰ ਵਿੱਚ ਪਤਨੀ, ਬੱਚੇ ਅਤੇ ਬਜ਼ੁਰਗ ਪਿਤਾ ਹਨ ਅਤੇ ਧਮਕੀਆਂ ਕਾਰਨ ਸਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਇਸ ਮੌਕੇ ਪ੍ਰਿੰਸ ਦੀ ਪਤਨੀ ਨੀਲਮ ਕੌਰ ਨੇ ਕਿਹਾ ਕਿ ਉਸਦਾ ਪਤੀ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬ ਚੁੱਕਾ ਹੈ। ਕਰਜ਼ਦਾਰਾਂ ਦੀਆਂ ਕਿਸ਼ਤਾਂ ਦੇਣ ਦੇ ਬਾਵਜੂਦ ਵੀ ਕਰਜ਼ਾ ਸਿਰ ’ਤੇ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਆਏ ਦਿਨ ਧਮਕੀਆਂ ਮਿਲ ਰਹੀਆਂ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਡਰੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ। ਉੱਧਰ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਸਿੰਘ ਦੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਸ਼ਿਕਾਇਤ ਵਿੱਚ ਧਮਕੀਆਂ ਅਤੇ ਗੈਂਗਸਟਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।