ਗੁਰਦਾਸਪੁਰ ’ਚ ਸਰਕਾਰਾਂ ’ਤੇ ਵਰ੍ਹੇ ਸਿਮਰਨਜੀਤ ਮਾਨ/ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਾਧੇ ਤਿੱਖੇ ਨਿਸ਼ਾਨੇ/ ਸਿੱਖਾਂ ਨੇ ਵਿਤਕਰੇਬਾਜ਼ੀ ਦੇ ਲਾਏ ਗੰਭੀਰ ਇਲਜ਼ਾਮ

0
1

ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਅੱਜ ਗੁਰਦਾਸਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਵੱਡੀ ਗਿਣਤੀ ਪਰਿਵਾਰਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਵਿਚ ਸ਼ਾਮਲ ਕਰਵਾਇਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਰ ਦੌਰਾਨ ਉਨ੍ਹਾਂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤਿੱਖੇ ਨਿਸ਼ਾਨੇ ਸਾਧੇ। 15 ਅਗੱਸਤ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਜ਼ਬਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦੀ ਹੈ। ਭਾਈ ਹਵਾਰਾ ਦੀ ਪੈਰੋਲ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦਾ ਸਿੱਖਾਂ ਨਾਲ ਸਰਾਸਰ ਧੱਕਾ ਹੈ। ਕੇਂਦਰ ਤੇ ਸਿੱਖਾਂ ਨਾਲ ਧੱਕੇ ਦੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਗੰਭੀਰ ਹੋਣ ਦੇ ਬਾਵਜੂਦ ਅਮਰਨਾਥ ਯਾਤਰਾ ਹੋ ਸਕਦੀ ਹੈ ਤਾਂ ਸਿੱਖਾਂ ਨੂੰ ਕਰਤਾਰਪੁਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਪੰਜਾਬ ਅਤੇ ਸਿੱਖਾਂ ਨਾਲ ਸ਼ੁਰੂ ਤੋਂ ਵਿਤਕਰਾ ਕਰਦੀਆਂ ਆਈਆਂ ਹਨ ਅਤੇ 15 ਅਗਸਤ ਨੂੰ ਇਨ੍ਹਾਂ ਨੇ ਆਪਣਾ ਅਸਲੀ ਰੂਪ ਫਿਰ ਵਿਖਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨਾ ਅਤੇ ਅੱਥਰੂ ਗੈਸ ਛੱਡਣ ਲਈ ਡਰੋਨ ਦੀ ਵਰਤੋਂ ਕਰਨਾ ਜਬਰ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਸਿੱਖਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ।
ਮਾਨ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਡਰੋਨ ਦੀ ਇਸ ਤਰ੍ਹਾਂ ਵਰਤੋਂ ਭਵਿੱਖ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਲਈ ਸਰਕਾਰੀ ਏਜੰਸੀਆਂ ਨੂੰ ਡਰੋਨ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।
ਉਨ੍ਹਾਂ ਭਾਈ ਹਵਾਰਾ ਸਮੇਤ ਹੋਰ ਬੰਦੀ ਸਿੰਘਾਂ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਆਪਣੇ ਬਜ਼ੁਰਗਾਂ ਅਤੇ ਮਾਤਾ-ਪਿਤਾ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਪੰਥਕ ਏਕਤਾ ਦੇ ਮੁੱਦੇ ’ਤੇ ਮਾਨ ਨੇ ਕਿਹਾ ਕਿ ਉਹ ਏਕਤਾ ਦੇ ਹੱਕ ਵਿੱਚ ਹਨ, ਪਰ ਕੁਝ ਲੋਕ ਅਜਿਹੀ ਏਕਤਾ ਨਹੀਂ ਚਾਹੁੰਦੇ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਅਤੇ ਬੀਜੇਪੀ ਆਗੂਆਂ ਨਾਲ ਨੇੜਤਾ ’ਤੇ ਗੰਭੀਰ ਸਵਾਲ ਚੁੱਕੇ।

LEAVE A REPLY

Please enter your comment!
Please enter your name here