ਪੰਜਾਬ ਸੰਗਰੂਰ ਵਿਖੇ ਕਿਸਾਨ ਆਗੂ ਡੱਲੇਵਾਲ ਦੀ ਪ੍ਰੈੱਸ ਕਾਨਫਰੰਸ/ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਬਾਰੇ ਸਾਂਝਾ ਕੀਤੀ ਜਾਣਕਾਰੀ/ ਕਿਹਾ, ਪ੍ਰਸਾਸਨ ਨਾਲ ਗੱਲਬਾਤ ਹੋਈ ਪਰ ਅੰਤਮ ਸਹਿਮਤੀ ਬਾਕੀ By admin - August 17, 2026 0 1 Facebook Twitter Pinterest WhatsApp ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ ਬਾਰੇ ਜਾਣਕਾਰੀ ਸਾਂਝਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਕਈ ਪੱਖਾਂ ਤੇ ਵਿਚਾਰ ਚਰਚਾ ਹੋਈ ਹੈ, ਪਰ ਅਜੇ ਤਕ ਕਿਸੇ ਵੀ ਤਰ੍ਹਾਂ ਦੀ ਅੰਤਮ ਸਹਿਮਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਸਾਡਾ ਇੱਥੇ ਮੋਰਚਾ ਚਲਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਅਸੀਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਜਾਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਰਸਤਾ ਲੈ ਕੇ ਦੇਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਡੱਲੇਵਾਲ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਦੋਂ ਪੁੱਛਿਆ ਗਿਆ ਕਿ ਕਿਸਾਨਾਂ ਦੀ ਅਸਲ ਮੰਗ ਕੀ ਹੈ ਤਾਂ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਮਕਸਦ ਸੜਕ ਬੰਦ ਕਰਨਾ ਜਾਂ ਕਿਸੇ ਤਰ੍ਹਾਂ ਦੀ ਗੜਬੜ ਪੈਦਾ ਕਰਨਾ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਪੈਦਲ ਯਾਤਰਾ ਨੂੰ ਦਿੱਲੀ ਵੱਲ ਜਾਣ ਲਈ ਰਸਤਾ ਦਿੱਤਾ ਜਾਵੇ। ਡੱਲੇਵਾਲ ਨੇ ਕਿਹਾ ਕਿ MSP ਦੀ ਕਾਨੂੰਨੀ ਗਾਰੰਟੀ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਅਤੇ ਪਿਛਲੇ ਕਿਸਾਨ ਅੰਦੋਲਨ ਨਾਲ ਸਬੰਧਤ ਮੰਗਾਂ ਪਹਿਲਾਂ ਤੋਂ ਹੀ ਮੌਜੂਦ ਹਨ। ਹੁਣ ਇਨ੍ਹਾਂ ਮੰਗਾਂ ਦੇ ਨਾਲ ਕੁਝ ਹੋਰ ਗੰਭੀਰ ਮਸਲੇ ਵੀ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣ ਰਿਹਾ ਹੈ ਤਾਂ ਹਰਿਆਣਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਰਸਤਾ ਖੁਲ੍ਹਵਾਉਣਾ ਚਾਹੀਦਾ ਹੈ। ਜੇਕਰ ਸਰਕਾਰ ਰਸਤਾ ਖੋਲ੍ਹਣ ਲਈ ਤਿਆਰ ਨਹੀਂ ਹੈ ਤਾਂ ਕੇਂਦਰ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇ ਅਤੇ ਜਿੱਥੋਂ ਪਿਛਲੀ ਗੱਲਬਾਤ ਟੁੱਟੀ ਸੀ, ਉੱਥੋਂ ਹੀ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇ। ਟੈਂਟ ਦੀ ਜਗ੍ਹਾ ਬਦਲਣ ਬਾਰੇ ਵੀ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਸਬੰਧੀ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਕਿਸੇ ਹੋਰ ਥਾਂ ਬੈਠਣ ਲਈ ਕਹਿੰਦਾ ਹੈ ਤਾਂ ਉਸ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ, ਪਰ ਮੁੱਖ ਮਕਸਦ ਦਿੱਲੀ ਵੱਲ ਯਾਤਰਾ ਕਰਨਾ ਹੀ ਹੈ। ਡੱਲੇਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੋਣ ਦੇ ਦੌਰਾਨ ਕੋਈ ਟਕਰਾਅ ਵਾਲਾ ਕਦਮ ਨਹੀਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੈਰੀਕੇਡਾਂ ਨਾਲ ਟਕਰਾਉਣਾ ਜਾਂ ਟਕਰਾਅ ਪੈਦਾ ਕਰਨਾ ਮਕਸਦ ਨਹੀਂ ਹੈ। ਅਗਲਾ ਸ਼ਾਂਤਮਈ ਐਕਸ਼ਨ ਹਾਲਾਤ ਦੇ ਮੁਤਾਬਕ ਤੈਅ ਕੀਤਾ ਜਾਵੇਗਾ ਅਤੇ ਇਸ ਬਾਰੇ ਫੈਸਲਾ ਲੈਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।