ਗੁਰਦਾਸਪੁਰ ਦੇ ਕਸਬਾ ਕਾਹਨੂੰਵਾਲ ’ਚ ਦੁਕਾਨ ਨੂੰ ਅੱਗ/ ਤਿੰਨ ਦੁਕਾਨਾਂ ਅੰਦਰ ਪਿਆ ਸਮਾਨ ਸੜ ਕੇ ਸੁਆਹ/ ਲੱਖਾਂ ਦਾ ਨੁਕਸਾਨ, ਪੀੜਤਾਂ ਵੱਲੋਂ ਮੁਆਵਜੇ ਦੀ ਮੰਗ

0
1

 

ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਪੁਰਾਣੇ ਬਾਜ਼ਾਰ, ਸਿਵਾਲਾ ਮੰਦਰ ਚੌਂਕ ਨੇੜੇ  ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਘਰ ਵਿੱਚ ਚੱਲ ਰਹੇ ਬੁਟੀਕ, ਸਲੂਨ ਅਤੇ ਜਨਰਲ ਸਟੋਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਦੁਕਾਨ ਵਿੱਚ ਰੱਖੀ ਕਰੀਬ ਪੌਣੇ ਦੋ ਲੱਖ ਰੁਪਏ ਦੀ ਨਕਦੀ ਵੀ ਗਾਇਬ ਹੈ ਅਤੇ ਉਨ੍ਹਾਂ ਦਾ ਕੁੱਲ ਨੁਕਸਾਨ ਲਗਭਗ 7 ਲੱਖ ਰੁਪਏ ਤੋਂ ਵੱਧ ਹੋਇਆ ਹੈ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਹੋਏ ਨੁਕਸਾਨ ਦੀ ਭਰਪਾਈ ਦੀ ਅਪੀਲ ਕੀਤੀ ਹੈ।
ਜਾਣਕਾਰੀ ਅਨੁਸਾਰ ਲਵਕੇਸ਼ ਦੇਵਗਨ ਪੁੱਤਰ ਸੋਮਰਾਜ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਰੋਸ਼ਨੀ ਵੱਲੋਂ ਆਪਣੇ ਘਰ ਵਿੱਚ ਬਣੀ ਦੁਕਾਨ ਵਿੱਚ ਮੁਨਿਆਰੀ ਅਤੇ ਜਨਰਲ ਸਟੋਰ ਦਾ ਸਮਾਨ ਵੇਚਣ ਦੇ ਨਾਲ-ਨਾਲ ਸਲੂਨ ਅਤੇ ਬਿਊਟੀ ਪਾਰਲਰ ਦਾ ਕੰਮ ਵੀ ਕੀਤਾ ਜਾਂਦਾ ਹੈ। ਰਾਤ ਕਰੀਬ 9 ਵਜੇ ਪਰਿਵਾਰ ਘਰ ਵਿੱਚ ਮੌਜੂਦ ਸੀ। ਇਸੇ ਦੌਰਾਨ ਦੁਕਾਨ ਵੱਲੋਂ ਖੜਾਕ ਦੀ ਆਵਾਜ਼ ਸੁਣਾਈ ਦਿੱਤੀ।ਪੀੜਤ ਦੇ ਅਨੁਸਾਰ, ਆਵਾਜ਼ ਸੁਣ ਕੇ ਉਸ ਦੀ ਪਤਨੀ ਰੋਸ਼ਨੀ ਜਦੋਂ ਕਮਰੇ ਤੋਂ ਬਾਹਰ ਆਈ ਤਾਂ ਉਸ ਨੇ ਕਥਿਤ ਤੌਰ ’ਤੇ ਇੱਕ ਵਿਅਕਤੀ ਨੂੰ ਘਰ ਦੀਆਂ ਪੌੜੀਆਂ ਰਾਹੀਂ ਭੱਜਦੇ ਹੋਏ ਦੇਖਿਆ। ਜਦੋਂ ਉਸ ਨੇ ਦੁਕਾਨ ਵੱਲ ਦੇਖਿਆ ਤਾਂ ਉਥੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਰੋਸ਼ਨੀ ਵੱਲੋਂ ਰੌਲਾ ਪਾਉਣ ’ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਗੁਆਂਢੀਆਂ ਨੂੰ ਸੂਚਿਤ ਕੀਤਾ।ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਵਿੱਚ ਪਿਆ ਕਾਫ਼ੀ ਸਾਰਾ ਸਮਾਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ। ਲਵਕੇਸ਼ ਦੇਵਗਨ ਨੇ ਦੱਸਿਆ ਕਿ ਦੁਕਾਨ ਵਿੱਚ ਪਿਆ ਮੁਨਿਆਰੀ, ਜਨਰਲ ਸਟੋਰ, ਸਲੂਨ ਅਤੇ ਬਿਊਟੀ ਪਾਰਲਰ ਦਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਤੋਂ ਇਲਾਵਾ ਦੁਕਾਨ ਵਿੱਚ ਕਮੇਟੀ ਦੀ ਅਦਾਇਗੀ ਲਈ ਰੱਖੀ ਪੌਣੇ ਦੋ ਲੱਖ ਰੁਪਏ ਦੇ ਕਰੀਬ ਨਕਦੀ ਵੀ ਨਹੀਂ ਮਿਲ ਰਹੀ।
ਪੀੜਤ ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਹਿਲਾਂ ਨਕਦੀ ਚੋਰੀ ਕੀਤੀ ਗਈ ਅਤੇ ਬਾਅਦ ਵਿੱਚ ਦੁਕਾਨ ਨੂੰ ਅੱਗ ਲਗਾਈ ਗਈ ਹੋ ਸਕਦੀ ਹੈ। ਸੂਚਨਾ ਕਾਹਨੂੰਵਾਨ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਭਿਆਨਕ ਅੱਗ ਕਾਰਨ ਹੋਏ ਭਾਰੀ ਆਰਥਿਕ ਨੁਕਸਾਨ ਤੋਂ ਬਾਅਦ ਪੀੜਤ ਲਵਕੇਸ਼ ਦੇਵਗਨ ਅਤੇ ਉਸ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਮਦਦ ਕੀਤੀ ਜਾਵੇ।

LEAVE A REPLY

Please enter your comment!
Please enter your name here