ਸਮਰਾਲਾ ਦੇ ਪਿੰਡ ਨਾਗਰਾ ’ਚ ਬੰਦ ਪਏ ਘਰ ’ਚ ਚੋਰੀ/ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ/ ਘਰ ਅੰਦਰ ਦਾਖਲ ਹੋਏ ਚੋਰ 5 ਲੱਖ ਦੇ ਗਹਿਣੇ ਲੈ ਕੇ ਫਰਾਰ

0
2

 

ਸਮਰਾਲਾ ਦੇ ਨੇੜਲੇ ਪਿੰਡ ਨਾਗਰਾ ਵਿਖੇ ਦਿਨ-ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਕਿਰਪਾਲ ਸਿੰਘ ਮੁਤਾਬਕ ਉਹ ਪਰਿਵਾਰ ਸਮੇਤ ਲੰਘੀ ਸ਼ਾਮ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਏ ਹੋਏ ਸਨ ਅਤੇ ਅੱਜ ਜਦੋਂ ਵਾਪਸ ਆਪਣੇ ਘਰ ਪਹੁੰਚੇ ਤਾਂ ਮੁੱਖ ਗੇਟ ਅਤੇ ਅੰਦਰਲੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਵਿਚੋਂ 3 ਤੋਲੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਕੀਮਤੀ ਸਮਾਨ ਸਮੇਤ ਨਕਦੀ ਗਾਇਬ ਸੀ। ਪੀੜਤ ਅਨੁਸਾਰ ਉਹਨਾਂ ਦਾ ਲਗਭਗ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਘਟਨਾ ਤੋਂ ਬਾਅਦ ਜਦੋਂ ਗੁਆਂਢੀਆਂ ਦੇ ਘਰਾਂ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਦੇਖਿਆ ਗਿਆ ਕਿ ਬਿਨਾਂ ਨੰਬਰ ਪਲੇਟ ਵਾਲੇ ਪਲਸਰ ਮੋਟਰਸਾਈਕਲ ‘ਤੇ ਦੋ ਨਿਸ਼ਾਨਦੇਹੀ ਵਾਲੇ ਨਕਾਬਪੋਸ਼ ਯੁਵਕ ਢੀਂਡਸਾ ਪਿੰਡ ਵਾਲੀ ਸਾਈਡ ਤੋਂ ਆਏ ਸਨ। ਉਹਨਾਂ ਨੇ ਮੋਟਰਸਾਈਕਲ ਬਾਹਰ ਖੜ੍ਹਾ ਕਰਕੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਾਅਦ ਵਿੱਚ  ਫ਼ਰਾਰ ਹੋ ਗਏ।
ਪਿੰਡ ਦੇ ਮੋਹਤਬਰਾਂ ਮਨਜੀਤ ਸਿੰਘ ਅਤੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਦਿਨ-ਦਿਹਾੜੇ ਹੋ ਰਹੀਆਂ ਅਜਿਹੀਆਂ ਚੋਰੀਆਂ ਨਾਲ ਆਮ ਲੋਕਾਂ ਵਿੱਚ ਭੈਅ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਦਾ ਚੋਰੀ ਹੋਇਆ ਸਮਾਨ ਬਰਾਮਦ ਕਰਵਾ ਕੇ ਇਨਸਾਫ਼ ਦਵਾਇਆ ਜਾਵੇ।

LEAVE A REPLY

Please enter your comment!
Please enter your name here