ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਗਿੱਲ ਦਾ ਐਕਸ਼ਨ ਪਲਾਨ/ ਪੀਸੀਆਰ ਨੂੰ ਚੁਸਤ-ਦਰੁਸਤ ਕਰਨ ਦਾ ਐਲਾਨ/ ਡ੍ਰੋਨ ਰਾਹੀਂ ਨਸ਼ਾ ਤਸਕਰੀ ‘ਤੇ ਰਹੇਗੀ ਪੈਨੀ ਨਜ਼ਰ

0
2

ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਹੀ ਦਿਨ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਲਈ ਆਪਣਾ ਐਕਸ਼ਨ ਪਲਾਨ ਸਪਸ਼ਟ ਕਰ ਦਿੱਤਾ ਹੈ। ਨਵੇਂ ਪੁਲਿਸ ਕਮਿਸ਼ਨਰ ਵੱਲੋਂ ਪਹਿਲੇ ਦਿਨ ਹੀ ਕ੍ਰਾਈਮ ਕੰਟਰੋਲ, PCR ਦੀ ਰੀਵੈਂਪਿੰਗ, ਗੈਂਗਸਟਰਾਂ ਖ਼ਿਲਾਫ਼ ਕਾਰਵਾਈ, ਟ੍ਰੈਫਿਕ ਪ੍ਰਬੰਧਨ, ਨਸ਼ਾ ਤਸਕਰੀ ‘ਤੇ ਸ਼ਿਕੰਜਾ ਅਤੇ ਪੁਲਿਸ ਰਿਕਾਰਡ ਦੀ ਮਜ਼ਬੂਤੀ ਨੂੰ ਮੁੱਖ ਤਰਜੀਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਫੋਕਸ ਕ੍ਰਾਈਮ ਹੋਣ ਤੋਂ ਬਾਅਦ ਉਸ ਦੀ ਜਾਂਚ ਕਰਨ ਦੀ ਬਜਾਏ ਕ੍ਰਾਈਮ ਨੂੰ ਪਹਿਲਾਂ ਹੀ ਰੋਕਣ ‘ਤੇ ਰਹੇਗਾ। CP ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੀ PCR ਨੂੰ ਰੀਵੈਂਪ ਕਰ ਕੇ ਨਵੀਂ ਰਣਨੀਤੀ ਤਹਿਤ ਤਾਇਨਾਤ ਕੀਤਾ ਜਾਵੇਗਾ। PCR ਦੀਆਂ ਬੀਟਾਂ ਨੂੰ ਰੀ-ਅਲਾਈਨ ਕੀਤਾ ਜਾਵੇਗਾ ਅਤੇ ਹਰ ਬੀਟ ਲਈ ਬੀਟ ਬੁੱਕ ਅਤੇ ਲੈਮੀਨੇਟਡ ਨਕਸ਼ਾ ਤਿਆਰ ਕੀਤਾ ਜਾਵੇਗਾ। ਇਸ ਵਿੱਚ ਬੀਟ ਦੇ ਅੰਦਰ ਆਉਣ ਵਾਲੇ ਹਸਪਤਾਲਾਂ, ਰੇਲਵੇ ਟਰੈਕਾਂ, ਬੈਂਕਾਂ, ATM, ਥ੍ਰੈਟਨਡ ਪਰਸਨ ਅਤੇ ਹੋਰ ਅਹਿਮ ਥਾਵਾਂ ਦੀ ਜਾਣਕਾਰੀ ਦਰਜ ਹੋਵੇਗੀ।
ਉਨ੍ਹਾਂ ਦੱਸਿਆ ਕਿ PCR ਦੇ ਰੈੱਡ ਅਲਰਟ ਪੁਆਇੰਟ ਵੀ ਤੈਅ ਕੀਤੇ ਜਾਣਗੇ। ਇੱਕੋ ਸਮੇਂ ਵੱਖ-ਵੱਖ ਥਾਵਾਂ ‘ਤੇ PCR ਮੁਲਾਜ਼ਮਾਂ ਦੀ ਚੈਕਿੰਗ ਕਰਵਾਈ ਜਾਵੇਗੀ ਤਾਂ ਜੋ ਅਪਰਾਧੀਆਂ ‘ਤੇ ਪੁਲਿਸ ਦੀ ਮੌਜੂਦਗੀ ਦਾ ਦਬਾਅ ਬਣਿਆ ਰਹੇ।ਕ੍ਰਾਈਮ ਦੇ ਨਾਲ-ਨਾਲ ਭਗੌੜਿਆਂ, ਪੈਰੋਲ ਜੰਪਰਾਂ ਅਤੇ ਗੰਭੀਰ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਵੀ ਤਰਜੀਹ ਦੇਣ ਦੀ ਗੱਲ ਕਹੀ ਗਈ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਦਾਲਤਾਂ ਵੱਲੋਂ ਜਾਰੀ ਨਾਨ-ਬੇਲੇਬਲ ਵਾਰੰਟਾਂ ਦੀ ਐਗਜ਼ੀਕਿਊਸ਼ਨ ਵੀ ਤੇਜ਼ ਕੀਤੀ ਜਾਵੇਗੀ। 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ ਹੈ।
ਪੁਰਾਣੇ ਅਤੇ ਅਧੂਰੇ ਮਾਮਲਿਆਂ ਨੂੰ ਲੈ ਕੇ ਵੀ CP ਨੇ ਕਿਹਾ ਕਿ 15 ਅਗਸਤ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਕ੍ਰਾਈਮ ਮੀਟਿੰਗ ਕਰਕੇ ਅਨਟ੍ਰੇਸ ਮਾਮਲਿਆਂ ਅਤੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਡਰ ਇਨਵੈਸਟੀਗੇਸ਼ਨ ਕੇਸਾਂ ਦੀ ਸਮੀਖਿਆ ਕੀਤੀ ਜਾਵੇਗੀ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਫਿਰੌਤੀ ਕਾਲਾਂ ਬਾਰੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਕਾਲ ਆਉਣ ‘ਤੇ ਘਬਰਾਉਣ ਦੀ ਲੋੜ ਨਹੀਂ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹੀਆਂ ਕਾਲਾਂ ਨੂੰ ਟ੍ਰੇਸ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਨੌਜਵਾਨਾਂ ਨੂੰ ਗੈਂਗਸਟਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਕਰਨ ਵਾਲੇ ਤੱਤਾਂ ਤੋਂ ਬਚਣ ਦੀ ਅਪੀਲ ਕਰਦਿਆਂ CP ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਜਾਣੇ-ਅਣਜਾਣੇ ਵਿੱਚ ਅਜਿਹੇ ਨੈੱਟਵਰਕ ਵਿੱਚ ਫਸ ਗਿਆ ਹੈ ਤਾਂ ਉਹ ਪੁਲਿਸ ਕੋਲ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਨਰਮੀ ਨਾਲ ਕੰਮ ਕੀਤਾ ਜਾਵੇਗਾ। ਟ੍ਰੈਫਿਕ ਦੀ ਸਮੱਸਿਆ ‘ਤੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਬੋਟਲ-ਨੈੱਕ ਪੁਆਇੰਟਾਂ ਦੀ ਪਛਾਣ ਕਰਕੇ ਟੈਂਪਰੇਰੀ ਬੈਰੀਕੇਡਿੰਗ ਅਤੇ ਡਾਇਵਰਸ਼ਨ ਰਾਹੀਂ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਈ-ਰਿਕਸ਼ਿਆਂ ਦੀ ਰੈਸ਼ ਡਰਾਈਵਿੰਗ ‘ਤੇ ਰੋਜ਼ਾਨਾ 35 ਤੋਂ 40 ਚਲਾਨ ਕੀਤੇ ਜਾਣ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਡਰਾਈਵਰਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇੰਪਾਊਂਡਿੰਗ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ। ਸਰਹੱਦ ਪਾਰੋਂ ਡ੍ਰੋਨ ਰਾਹੀਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ‘ਤੇ CP ਨੇ ਕਿਹਾ ਕਿ ਐਂਟੀ-ਡ੍ਰੋਨ ਸਿਸਟਮ ਰਾਹੀਂ ਡ੍ਰੋਨ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਪੁਲਿਸ ਟੀਮਾਂ ਤੁਰੰਤ ਕਾਰਵਾਈ ਕਰ ਰਹੀਆਂ ਹਨ। ਉਨ੍ਹਾਂ ਅਨੁਸਾਰ ਇਸ ਕਾਰਵਾਈ ਦੌਰਾਨ ਵੱਡੀਆਂ ਰਿਕਵਰੀਆਂ ਅਤੇ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਅਸਲਾ ਲਾਇਸੈਂਸਾਂ ਬਾਰੇ ਉਨ੍ਹਾਂ ਕਿਹਾ ਕਿ ਲਾਇਸੈਂਸ ਕਿਸੇ ਨੂੰ ਵੀ ਬਿਨਾਂ ਲੋੜ ਦੇ ਨਹੀਂ ਦਿੱਤਾ ਜਾ ਸਕਦਾ। ਜਿੱਥੇ ਅਸਲੇ ਦੀ ਵਾਜਬ ਲੋੜ ਹੋਵੇਗੀ, ਉੱਥੇ ਨਿਯਮਾਂ ਅਤੇ ਮਾਪਦੰਡਾਂ ਅਨੁਸਾਰ ਮਾਮਲੇ ‘ਤੇ ਵਿਚਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here