ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ/ 15 ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਕਾਬੂ/ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ ਖੇਪ

0
1

 

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 3 ਨਸ਼ਾ ਤਸਕਰਾਂ ਨੂੰ ਨਸ਼ੇ ਦੀ ਖੇਪ ਸਮੇਤ ਗ੍ਰਿਫਤਾਰ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 15 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਜੋ ਗੁਆਢੀ ਮੁਲਕ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ।  ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਬੀਰ ਸਿੰਘ ਉਰਫ਼ ਮੋਨੂ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਮੋਟਾ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਜਸਬੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ, ਜਦਕਿ ਦੂਜੇ ਦੋਸ਼ੀ ਦਾ ਨਾਮ ਪਹਿਲਾਂ ਦਰਜ ਹੋਏ ਇੱਕ ਫਾਇਰਿੰਗ ਮਾਮਲੇ ਵਿੱਚ ਵੀ ਸਾਹਮਣੇ ਆ ਚੁੱਕਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ‘ਆਪ੍ਰੇਸ਼ਨ ਪ੍ਰਹਾਰ 4.0’ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਨਾਕਾਬੰਦੀ ਦੌਰਾਨ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਨ੍ਹਾਂ ਕੋਲੋਂ 10 ਕਿਲੋ ਹੈਰੋਇਨ ਬਰਾਮਦ ਹੋਈ। ਇਸੇ ਲੜੀ ਵਿੱਚ ਇੱਕ ਹੋਰ ਕਾਰਵਾਈ ਦੌਰਾਨ ਪਿੰਡ ਧਨੋਏ ਨੇੜੇ ਡਰੋਨ ਰਾਹੀਂ ਸੁੱਟੀ ਗਈ 5 ਕਿਲੋ ਹੈਰੋਇਨ ਦੀ ਖੇਪ ਲੈਣ ਆਏ ਇੱਕ ਹੋਰ ਵਿਅਕਤੀ ਨੂੰ ਵੀ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਪੁਲਿਸ ਮੁਤਾਬਕ ਇਹ ਸਪੱਸ਼ਟ ਹੈ ਕਿ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਪਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੀ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ।
ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁੱਖ ਦੋਸ਼ੀਆਂ ਦੀ ਪਛਾਣ ਜਸਬੀਰ ਸਿੰਘ ਉਰਫ਼ ਮੋਨੂ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਮੋਟਾ ਵਜੋਂ ਹੋਈ ਹੈ। ਜਸਬੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ, ਜਦਕਿ ਦੂਜੇ ਦੋਸ਼ੀ ਦਾ ਨਾਮ ਪਹਿਲਾਂ ਦਰਜ ਹੋਏ ਇੱਕ ਫਾਇਰਿੰਗ ਮਾਮਲੇ ਵਿੱਚ ਵੀ ਸਾਹਮਣੇ ਆ ਚੁੱਕਾ ਹੈ। ਦੋਸ਼ੀਆਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹੈਰੋਇਨ ਕਿਸ ਦੇ ਕਹਿਣ ‘ਤੇ ਮੰਗਵਾਈ ਗਈ ਸੀ, ਕਿੱਥੇ ਸਪਲਾਈ ਕੀਤੀ ਜਾਣੀ ਸੀ ਅਤੇ ਇਸ ਗਿਰੋਹ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਸੰਭਾਵਨਾ ਹੈ ਕਿ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ। ਪੁਲਿਸ ਮੋਬਾਈਲ ਫੋਨਾਂ, ਸੋਸ਼ਲ ਮੀਡੀਆ ਅਤੇ ਤਕਨੀਕੀ ਸਬੂਤਾਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।  ਐਸਐਸਪੀ ਨੇ ਦੱਸਿਆ ਕਿ ਸਰਹੱਦ ਪਾਰ ਬੈਠੀਆਂ ਏਜੰਸੀਆਂ, ਖ਼ਾਸ ਕਰਕੇ ਆਈਐਸਆਈ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ। ਇਸ ਲਈ ਪੁਲਿਸ ਵੱਲੋਂ ਸਾਈਬਰ ਮਾਨੀਟਰਿੰਗ ਨੂੰ ਵੀ ਹੋਰ ਮਜ਼ਬੂਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here