ਅਜਨਾਲਾ ਦੇ ਸ਼ਹੀਦੀ ਖੂਹ ਵਿਖੇ ਸ਼ਰਧਾਂਜਲੀ ਸਮਾਗਮ/ 1857 ਦੇ ਸ਼ਹੀਦਾਂ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ/ ਸ਼ਹੀਦਾਂ ਨੂੰ ਗਾਰਡ ਆਫ ਆਨਰ ਦੇ ਕੇ ਕੀਤਾ ਨਮਨ

0
2

 

ਅਜਨਾਲਾ ਵਿਖੇ ਸਥਿਤ ਇਤਿਹਾਸਕ ਕਾਲਿਆਵਾਲਾ ਸ਼ਹੀਦੀ ਖੂਹ ਵਿਖੇ ਪਹਿਲੀ ਜੰਗ-ਏ-ਆਜ਼ਾਦੀ ਦੇ 282 ਵੀਰ ਸੈਨਿਕਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੀਐੱਸਐੱਫ ਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦਾਂ ਨੂੰ ਫੁੱਲ ਭੇਟ ਕਰ ਕੇ ਨਮਨ ਕੀਤਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਬੀਐੱਸਐੱਫ ਦੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਸ਼ਹੀਦਾਂ ਦੇ ਬਲਿਦਾਨ ਨੂੰ ਸਦਾ ਯਾਦ ਰੱਖਣ ਦਾ ਸੰਕਲਪ ਲਿਆ ਗਿਆ।
ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ 1857 ਦੇ ਇਹ ਸ਼ਹੀਦ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਪਹਿਲੇ ਮਹਾਨ ਯੋਧੇ ਸਨ, ਜਿਨ੍ਹਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੈਂਬਰ ਪਰਵੀਨ ਕੁਮਾਰ ਨੇ ਦੱਸਿਆ ਕਿ ਸਾਲ 2023 ਤੋਂ ਸਿਵਲ ਪ੍ਰਸ਼ਾਸਨ, ਫੌਜ, ਬੀਐੱਸਐੱਫ ਅਤੇ ਸਾਬਕਾ ਫੌਜੀਆਂ ਦੇ ਸਹਿਯੋਗ ਨਾਲ ਹਰ ਸਾਲ 1 ਅਗਸਤ ਨੂੰ ਇਹ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 1857 ਵਿੱਚ ਚਾਰ ਅੰਗਰੇਜ਼ ਅਧਿਕਾਰੀਆਂ ਨੂੰ ਮਾਰਨ ਤੋਂ ਬਾਅਦ ਇਹ ਸੈਨਿਕ ਰਾਵੀ ਦਰਿਆ ਰਾਹੀਂ ਅਜਨਾਲਾ ਪਹੁੰਚੇ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 1 ਅਗਸਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀਆਂ ਲਾਸ਼ਾਂ ਇਸ ਖੂਹ ਵਿੱਚ ਸੁੱਟ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਗੁਰਦੁਆਰਾ ਕਮੇਟੀ ਦੇ ਸਕੱਤਰ ਕਾਬਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਕਈ ਸਾਲਾਂ ਤੋਂ ਸ਼ਹੀਦੀ ਖੂਹ ਤੱਕ ਪਹੁੰਚਣ ਲਈ ਚੌੜਾ ਰਸਤਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੁਦਾਈ ਦੌਰਾਨ ਖੂਹ ਵਿੱਚੋਂ ਗੋਲੀਆਂ, ਸਿੱਕੇ, ਕੜੇ, ਅੰਗੂਠੀਆਂ ਅਤੇ ਹੋਰ ਇਤਿਹਾਸਕ ਵਸਤਾਂ ਮਿਲੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕੀਮਤੀ ਵਸਤਾਂ ਨੂੰ ਸੰਭਾਲਣ ਲਈ ਇੱਥੇ ਇੱਕ ਆਧੁਨਿਕ ਮਿਊਜ਼ੀਅਮ ਬਣਾਇਆ ਜਾਵੇ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਅਤੇ ਵਿਦਿਆਰਥੀ ਇਸ ਇਤਿਹਾਸ ਨੂੰ ਨੇੜਿਓਂ ਜਾਣ ਸਕਣ।
ਇਸ ਮੌਕੇ ਹਲਕਾ ਅਜਨਾਲਾ ਦੀ ਐੱਸਡੀਐੱਮ ਡਾ. ਚਾਰੂਮੀਤਾ ਨੇ ਕਿਹਾ ਕਿ 1857 ਦੇ ਸ਼ਹੀਦਾਂ ਦੀ ਯਾਦ ਨੂੰ ਜਿਉਂਦਾ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਯਾਦਗਾਰ ਦੇ ਵਿਕਾਸ ਅਤੇ ਹੋਰ ਸਹੂਲਤਾਂ ਸਬੰਧੀ ਲਿਖਤੀ ਮੰਗਾਂ ਪ੍ਰਸ਼ਾਸਨ ਕੋਲ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

LEAVE A REPLY

Please enter your comment!
Please enter your name here