ਮੋਗਾ ਪੁਲਿਸ ਦੀ ਲੁੱਟ-ਖੋਹ ਮਾਮਲੇ ’ਚ ਵੱਡੀ ਕਾਰਵਾਈ/ ਵਾਰਦਾਤਾਂ ’ਚ ਸ਼ਾਮਲ 2 ਮੁਲਜ਼ਮ ਗ੍ਰਿਫ਼ਤਾਰ/ ਖੋਹ ਕੀਤਾ ਮੋਬਾਈਲ ਤੇ ਮੋਟਰਸਾਈਕਲ ਬਰਾਮਦ

0
1

 

ਮੋਗਾ ਦੇ ਥਾਣਾ ਸਿਟੀ ਸਾਊਥ ਪੁਲਿਸ ਨੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਖੋਹ ਕੀਤਾ ਇੱਕ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਬਚਿੱਤਰ ਸਿੰਘ ਅਤੇ  ਗੁਰਦਿੱਤ ਸਿੰਘ ਵਾਸੀ ਧੂਰੀ, ਸੰਗਰੂਰ ਵਜੋਂ ਹੋਈ ਹੈ। ਦੋਵੇਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ (ਡੀ) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ ਦੇ ਮੁਖੀ  ਗੁਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਖ਼ਾਸ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਬਚਿੱਤਰ ਸਿੰਘ ਅਤੇ ਗੁਰਦਿੱਤ ਸਿੰਘ, ਵਾਸੀ ਧੂਰੀ ਜ਼ਿਲ੍ਹਾ ਸੰਗਰੂਰ, ਜੋ ਇਸ ਸਮੇਂ ਮੋਗਾ ਵਿੱਚ ਰਹਿ ਰਹੇ ਹਨ, ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ ਅਤੇ ਚੋਰੀ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਹਨ।
ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਤੁਰੰਤ ਨਾਕਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਖੋਹਿਆ ਹੋਇਆ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ।ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਸਾਊਥ ਮੋਗਾ ਵਿੱਚ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬਚਿੱਤਰ ਸਿੰਘ ਖ਼ਿਲਾਫ਼ ਪਹਿਲਾਂ ਤੋਂ ਤਿੰਨ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਗੁਰਦਿੱਤ ਸਿੰਘ ਖ਼ਿਲਾਫ਼ ਇੱਕ ਮਾਮਲਾ ਦਰਜ ਹੈ।ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਡੂੰਘੀ ਪੁੱਛਗਿੱਛ ਰਾਹੀਂ ਉਨ੍ਹਾਂ ਵੱਲੋਂ ਕੀਤੀਆਂ ਹੋਰ ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਸੰਭਾਵਿਤ ਸਾਥੀਆਂ ਬਾਰੇ ਵੀ ਅਹਿਮ ਜਾਣਕਾਰੀ ਹਾਸਲ ਕੀਤੀ ਜਾ ਸਕੇ।

LEAVE A REPLY

Please enter your comment!
Please enter your name here