ਅੰਮ੍ਰਿਤਸਰ ’ਚ ਪੁਲਿਸ ਮੁਲਾਜ਼ਮ ਦੇ ਘਰ ’ਤੇ ਹਮਲਾ/ ਨਸ਼ੇ ਕਰਨ ਤੋਂ ਰੋਕਣ ਦੇ ਚਲਦਿਆਂ ਬਣਾਇਆ ਨਿਸ਼ਾਨਾ/ ਹਸਪਤਾਲ ’ਚ ਚੱਲ ਰਿਹਾ ਇਲਾਜ਼, ਪੁਲਿਸ ਕਰ ਰਹੀ ਜਾਂਚ

0
1

ਅੰਮ੍ਰਿਤਸਰ ਦੇ ਪਿੰਡ ਫਤਾਹਪੁਰ ਵਿਖੇ ਇਕ ਪੁਲਿਸ ਮੁਲਾਜ਼ਮ ਦੇ ਘਰ ਤੇ ਨੌਜਵਾਨਾਂ ਦੀ ਭੀੜ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਮੁਲਾਜਮ ਗਗਨਦੀਪ ਸਿੰਘ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਕੁੱਝ ਨੌਜਵਾਨਾਂ ਨੂੰ ਨਸ਼ੇ ਕਰਨ ਤੋਂ ਵਰਜਿਆ ਸੀ, ਜਿਸ ਤੋਂ ਤੈਸ਼ ਵਿਚ ਆਏ ਨੌਜਵਾਨਾਂ ਨੇ ਉਸ ਦੇ ਘਰ ਉਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਘਰ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਪੁਲਿਸ ਮੁਲਾਜਮ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦੇ ਸਿਰ ਅਤੇ ਗੋਡੇ ‘ਤੇ ਸੱਟਾਂ ਲੱਗੀਆਂ। ਪਰਿਵਾਰ ਦਾ ਦਾਅਵਾ ਹੈ ਕਿ ਹਮਲੇ ਦੌਰਾਨ ਦਸਤਾਰ ਦੀ ਬੇਅਦਬੀ ਵੀ ਕੀਤੀ ਗਈ ਅਤੇ ਘਰ ਵਿੱਚ ਭੰਨਤੋੜ ਕਰਨ ਦੀ ਕੋਸ਼ਿਸ਼ ਹੋਈ ਹੈ। ਪੀੜਤ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਇੱਕ ਪੁਲਿਸ ਮੁਲਾਜ਼ਮ ਆਪਣੇ ਹੀ ਘਰ ਵਿੱਚ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸਿਵਲ ਹਸਪਤਾਲ ਪਹੁੰਚੇ ਅਤੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦੋਵੇਂ ਪੱਖਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਮੁਤਾਬਕ ਸਾਰੇ ਸਬੂਤ ਅਤੇ ਬਿਆਨ ਇਕੱਠੇ ਕਰ ਕੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here