ਮੋਗਾ ’ਚ ਐਬੂਲੈਂਸ ਚਾਲਕ ’ਤੇ ਜਾਨਲੇਵਾ ਹਮਲਾ/ ਮਰੀਜ਼ ਲਿਜਾਣ ਦੇ ਬਹਾਨੇ ਬੁਲਾ ਕੇ ਬਣਾਇਆ ਨਿਸ਼ਾਨਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ

0
3

 

ਮੋਗਾ ਦੇ ਰਾਮਗੰਜ ਇਲਾਕੇ ਵਿੱਚ ਇੱਕ ਐਂਬੂਲੈਂਸ ਚਾਲਕ ‘ਤੇ ਮਰੀਜ਼ ਨੂੰ ਫਰੀਦਕੋਟ ਲਿਜਾਣ ਦੇ ਬਹਾਨੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਐਬੂਲੈਂਸ ਚਾਲਕ ਮਨਿੰਦਰ ਸਿੰਘ ਮੁਤਾਬਕ ਉਸ ਨੂੰ ਅਣਪਛਾਤੇ ਵਿਅਕਤੀ ਦਾ ਮਰੀਜ ਨੂੰ ਫਰੀਦਕੋਟ ਲਿਜਾਣ ਬਾਰੇ ਫੋਨ ਆਇਆ ਸੀ। ਜਿਵੇਂ ਹੀ ਉਹ ਦੱਸੀ ਥਾਂ ਤੇ ਪਹੁੰਚਿਆਂ ਤਾਂ ਉਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਤ ਨੇ ਕਿਸੇ ਨਾਲ ਵੀ ਕੋਈ ਰੰਜ਼ਿਸ਼ ਜਾਂ ਲੜਾਈ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਂਬੂਲੈਂਸ ਚਾਲਕ ਮਨਿੰਦਰ ਸਿੰਘ ਕਿਹਾ ਕਿ ਉਸ ਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ, ਜਿਸ ਵਿੱਚ ਕਿਹਾ ਗਿਆ ਕਿ ਇੱਕ ਮਰੀਜ਼ ਨੂੰ ਫ਼ਰੀਦਕੋਟ ਲੈ ਕੇ ਜਾਣ ਲਈ ਐਂਬੂਲੈਂਸ ਦੀ ਲੋੜ ਹੈ।ਫੋਨ ਕਰਨ ਵਾਲੇ ਨੇ ਉਸ ਨਾਲ ਕਿਰਾਏ ਬਾਰੇ ਗੱਲਬਾਤ ਕੀਤੀ। ਪਹਿਲਾਂ ਐਂਬੂਲੈਂਸ ਦਾ ਕਿਰਾਇਆ 2500 ਦੱਸਿਆ ਗਿਆ, ਜਿਸ ਤੋਂ ਬਾਅਦ 2300 ‘ਤੇ ਸਹਿਮਤੀ ਬਣ ਗਈ। ਫੋਨ ਕਰਨ ਵਾਲੇ ਨੇ ਉਸ ਨੂੰ ਰਾਮਗੰਜ ਦੀ ਸੱਤ ਨੰਬਰ ਗਲੀ ਵਿੱਚ ਆਉਣ ਲਈ ਕਿਹਾ। ਪੀੜਤ ਨੇ ਦੱਸਿਆ ਕਿ ਜਿਵੇਂ ਹੀ ਉਹ ਮੌਕੇ ‘ਤੇ ਪਹੁੰਚਿਆ ਅਤੇ ਐਂਬੂਲੈਂਸ ਖੜ੍ਹੀ ਕੀਤੀ, ਉਸੇ ਵੇਲੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਹਾਕੀਆਂ ਤੇ ਕਿਰਪਾਨ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਦੇ ਬਾਂਹ, ਸਿਰ ਅਤੇ ਕੰਨ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਕੁਝ ਜ਼ਖ਼ਮਾਂ ‘ਤੇ ਟਾਂਕੇ ਵੀ ਲੱਗੇ ਹਨ।
ਪੀੜਤ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਸੀ। ਉਸ ਦਾ ਕਹਿਣਾ ਹੈ ਕਿ ਹਮਲੇ ਦਾ ਕਾਰਨ ਉਸ ਨੂੰ ਸਮਝ ਨਹੀਂ ਆ ਰਿਹਾ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਜਖ਼ਮੀ ਐਂਬੂਲੈਂਸ ਚਾਲਕ ਮਨਿੰਦਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਪ੍ਰਾਈਵੇਟ ਐਂਬੂਲੈਂਸ ਚਲਾਉਂਦਾ ਹੈ ਅਤੇ ਕਿਸੇ ਨਾਲ ਵੀ ਉਸ ਦੀ ਕੋਈ ਰੰਜਿਸ਼ ਨਹੀਂ ਸੀ। ਉਹ ਆਪਣੇ ਸਾਥੀ ਨਾਲ ਮਿਲ ਕੇ ਐਂਬੂਲੈਂਸ ਸੇਵਾ ਚਲਾ ਰਿਹਾ ਸੀ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੀ। ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੀ ਜਾਨ ਬਚਾਉਣ ਵਾਲੇ ਐਂਬੂਲੈਂਸ ਚਾਲਕ ਵੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਇਸ ਘਟਨਾ ਨੂੰ ਗੁੰਡਾਗਰਦੀ ਕਰਾਰ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ।
ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਮਲਾਵਰ ਦੋ ਵਿਅਕਤੀ ਸਨ, ਜੋ ਮੋਟਰਸਾਈਕਲ ‘ਤੇ ਆਏ ਸਨ। ਜ਼ਖ਼ਮੀ ਚਾਲਕ ਨੇ ਦੱਸਿਆ ਹੈ ਕਿ ਉਹ ਹਮਲਾਵਰਾਂ ਦੇ ਚਿਹਰੇ ਪਛਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚਾਲਕ ਗੱਡੀ ਤੋਂ ਹੇਠਾਂ ਉਤਰ ਜਾਂਦਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਪੰਜਾਬ ਵਿੱਚ ਦਿਨ ਦਿਹਾੜੇ ਹੋ ਰਹੀਆਂ ਅਜਿਹੀਆਂ ਘਟਨਾਵਾਂ ‘ਤੇ ਚਿੰਤਾ ਜਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ  ਹੈ।

LEAVE A REPLY

Please enter your comment!
Please enter your name here