ਪੰਜਾਬ ਫਤਹਿਗੜ੍ਹ ਸਾਹਿਬ ਵਿਖੇ ਪਰਿਵਾਰ ’ਤੇ ਸਲਫਾਸ ਦਾ ਕਹਿਰ/ ਦਵਾਈ ਦੀ ਗੈਸ ਚੜਣ ਨਾਲ ਦੋ ਮਾਸੂਮਾਂ ਦੀ ਮੌਤ,3 ਬਿਮਾਰ/ ਏਸੀ ਕਮਰੇ ਨੇੜੇ ਸਟੋਰ ਕੀਤੀ ਕਣਕ ’ਚੋਂ ਚੜ੍ਹੀ ਗੈਸ By admin - July 23, 2026 0 1 Facebook Twitter Pinterest WhatsApp ਫਤਹਿਗੜ੍ਹ ਸਾਹਿਬ ਦੇ ਪਿੰਡ ਖਨਿਆਣ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਘਰ ਅੰਦਰ ਸਟੋਰ ਕੀਤੀ ਕਣਕ ਵਿਚੋਂ ਸਲਫਾਸ ਦੀ ਗੈਸ ਚੜ੍ਹਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਜਣਿਆਂ ਨੂੰ ਗੰਭੀਰ ਹਾਲਤ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਏਸੀ ਕਮਰੇ ਦੇ ਨਾਲ ਬਣੇ ਸਟੋਰ ਵਿਚ ਕਣਕ ਸਟੋਰ ਕੀਤੀ ਹੋਈ ਸੀ। ਕਮਰੇ ਵਿਚ ਲੱਗੇ ਏਸੀ ਨੇ ਸਲਫਾਸ ਦੀ ਗੈਸ ਕਮਰੇ ਵਿਚ ਖਿੱਚ ਲਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਅਤੇ ਇੱਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਖਨਿਆਣ ਵਿੱਚ ਦੋ ਸਕੇ ਭਰਾ ਆਪਣੇ-ਆਪਣੇ ਪਰਿਵਾਰਾਂ ਸਮੇਤ ਇੱਕ ਹੀ ਘਰ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪਰਿਵਾਰ ਨੇ ਸਟੋਰ ਵਿੱਚ ਰੱਖੀ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਅਨਾਜ ਦੇ ਢੋਲ ਵਿੱਚ ਸਲਫਾਸ ਦੀਆਂ ਗੋਲੀਆਂ ਰੱਖੀਆਂ ਸਨ। ਜਿਸ ਸਟੋਰ ਵਿੱਚ ਕਣਕ ਰੱਖੀ ਹੋਈ ਸੀ, ਉਸ ਦਾ ਇੱਕ ਦਰਵਾਜ਼ਾ ਸਿੱਧਾ ਉਸ ਬੈੱਡਰੂਮ ਵਿੱਚ ਖੁੱਲਦਾ ਸੀ, ਜਿੱਥੇ ਦੋਵੇਂ ਪਰਿਵਾਰ ਆਪਣੇ ਬੱਚਿਆਂ ਸਮੇਤ ਸੌਂਦੇ ਸਨ। ਦੱਸਿਆ ਜਾ ਰਿਹਾ ਹੈ ਕਿ 20 ਜੁਲਾਈ ਦੀ ਰਾਤ ਅਚਾਨਕ ਪਰਿਵਾਰ ਦੇ ਬੱਚਿਆਂ ਦੀ ਤਬੀਅਤ ਵਿਗੜਣ ਲੱਗੀ। ਸਭ ਤੋਂ ਪਹਿਲਾਂ ਸਿਰਫ਼ 13 ਦਿਨਾਂ ਦੀ ਮਾਸੂਮ ਬੱਚੀ ਹਰਸੀਰਤ ਕੌਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਇਸ ਸਦਮੇ ਤੋਂ ਸੰਭਲ ਵੀ ਨਹੀਂ ਸਕਿਆ ਸੀ ਕਿ ਕਰੀਬ ਚਾਰ ਸਾਲਾ ਮਨਰਾਜ ਸਿੰਘ ਦੀ ਤਬੀਅਤ ਵੀ ਵਿਗੜ ਗਈ। ਉਸ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਅਤੇ ਦਵਾਈ ਦਿਵਾ ਕੇ ਵਾਪਸ ਘਰ ਲੈ ਆਏ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਬੁੱਧਵਾਰ ਸਵੇਰੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮਨਰਾਜ ਸਿੰਘ ਨੇ ਵੀ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਪਰਿਵਾਰ ਦੀਆਂ 13 ਸਾਲਾ ਅਤੇ 8 ਸਾਲਾ ਦੋ ਬੱਚੀਆਂ ਅਤੇ ਇੱਕ ਮਹਿਲਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਤਿੰਨਾਂ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਦੋ ਮਾਸੂਮਾਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਅਤੇ ਮੈਡੀਕਲ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਜਾਂਚ ਦੌਰਾਨ ਮੁੱਢਲੇ ਤੌਰ ‘ਤੇ ਇਹ ਗੱਲ ਸਾਹਮਣੇ ਆਈ ਕਿ ਸਟੋਰ ਵਿੱਚ ਕਣਕ ਵਿਚਕਾਰ ਰੱਖੀਆਂ ਗਈਆਂ ਸਲਫਾਸ ਦੀਆਂ ਗੋਲੀਆਂ ਵਿੱਚੋਂ ਜ਼ਹਿਰੀਲੀ ਗੈਸ ਨਿਕਲੀ। ਬੈੱਡਰੂਮ ਵਿੱਚ ਲੱਗੇ ਏਸੀ ਕਾਰਨ ਇਹ ਗੈਸ ਸਟੋਰ ਵਿੱਚੋਂ ਖਿੱਚੀ ਗਈ ਅਤੇ ਕਮਰੇ ਵਿੱਚ ਫੈਲ ਗਈ, ਜਿਸ ਕਾਰਨ ਉੱਥੇ ਸੁੱਤੇ ਸਾਰੇ ਪਰਿਵਾਰਕ ਮੈਂਬਰ ਇਸ ਦੀ ਲਪੇਟ ਵਿੱਚ ਆ ਗਏ। ਲੰਬੇ ਸਮੇਂ ਤੱਕ ਇਸ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਰਹਿਣ ਕਾਰਨ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਤਬੀਅਤ ਵਿਗੜ ਗਈ।