ਦਰਬਾਰ ਸਾਹਿਬ ਨੇੜਲੀ ਪਾਰਕਿੰਗ ’ਤੇ ਪੁੱਡਾ ਦਾ ਕਬਜ਼ਾ/ ਪੁਲਿਸ ਦੀ ਮੌਜੂਦਗੀ ’ਚ ਨੇਪਰੇ ਚੜ੍ਹੀ ਕਾਰਵਾਈ/ ਨਗਰ ਨਿਗਮ ਵੱਲੋਂ ਚਲਾਇਆ ਜਾਵੇਗਾ ਪਾਰਕਿੰਗ ਦਾ ਪ੍ਰਬੰਧ

0
2

ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਰਾਗੜੀ ਸਰਾਂ ਦੇ ਸਾਹਮਣੇ ਸਥਿਤ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਪਾਰਕਿੰਗ ਦਾ ਕਬਜ਼ਾ ਆਪਣੇ ਅਧਿਕਾਰ ਹੇਠਾਂ ਲੈ ਲਿਆ ਹੈ। ਜਾਣਕਾਰੀ ਅਨੁਸਾਰ ਇਸ ਥਾਂ 2014 ਵਿਚ ਤਰਸੇਮ ਕੁਮਾਰ ਨਾਮ ਦੇ ਬੰਦੇ ਨੂੰ ਅਲਾਟ ਕੀਤੀ ਗਈ ਸੀ, ਜਿਸ ਦਾ ਕਬਜ਼ਾ ਪੁੱਡਾ ਨੇ ਲੈ ਲਿਆ ਹੈ। ਇਸ ਪਾਰਕਿੰਗ ਦਾ ਸੰਚਾਲਨ ਹੁਣ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ।
ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਰਹੀ। ਇਸ ਮੌਕੇ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਪੁੱਡਾ ਦੇ ਅਧਿਕਾਰੀ ਮੌਜੂਦ ਰਹੇ। ਹੁਣ ਇਸ ਪਾਰਕਿੰਗ ਦਾ ਸੰਚਾਲਨ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁੱਡਾ ਦੇ ਐਸ.ਸੀ. ਸੰਦੀਪ ਸਿੰਘ ਨੇ ਦੱਸਿਆ ਕਿ ਸਾਲ 2014 ਤੋਂ ਤਰਸੇਮ ਕੁਮਾਰ ਨੂੰ ਅਲਾਟ ਕੀਤੀ ਗਈ ਇਸ ਪਾਰਕਿੰਗ ਦਾ ਅੱਜ ਸਰਕਾਰੀ ਤੌਰ ‘ਤੇ ਕਬਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਫਲਤਾਪੂਰਵਕ ਮੁਕੰਮਲ ਕੀਤੀ ਗਈ ਹੈ ਅਤੇ ਹੁਣ ਇਸ ਪਾਰਕਿੰਗ ਦਾ ਪ੍ਰਬੰਧ ਨਗਰ ਨਿਗਮ ਅੰਮ੍ਰਿਤਸਰ ਨੂੰ ਸੌਂਪਿਆ ਜਾ ਰਿਹਾ ਹੈ।
ਸੰਦੀਪ ਸਿੰਘ ਨੇ ਦੱਸਿਆ ਕਿ ਪਾਰਕਿੰਗ ਅੰਦਰ ਮੌਜੂਦ ਸਾਰੀਆਂ ਗੱਡੀਆਂ ਅਤੇ ਹੋਰ ਸਮਾਨ ਦੀ ਇਨਵੈਂਟਰੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਹਰ ਚੀਜ਼ ਦਾ ਪੂਰਾ ਰਿਕਾਰਡ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪਾਰਕਿੰਗ ਨੂੰ ਮੁੜ ਆਮ ਲੋਕਾਂ ਅਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅੱਜ ਸਵੇਰੇ ਤੋਂ ਪਾਰਕਿੰਗ ਨੂੰ ਸਥਾਈ ਤੌਰ ‘ਤੇ ਬੰਦ ਨਹੀਂ ਕੀਤਾ ਗਿਆ। ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਅਕਾਲੀ ਫੂਲਾ ਸਿੰਘ ਪਾਰਕਿੰਗ ਅਤੇ ਹੋਰ ਵਿਕਲਪਕ ਥਾਵਾਂ ‘ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਨਵੈਂਟਰੀ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਪਹਿਲਾਂ ਵਾਂਗ ਹੀ ਵਾਹਨਾਂ ਦੀ ਆਵਾਜਾਈ ਅਤੇ ਪਾਰਕਿੰਗ ਦੀ ਸਹੂਲਤ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ।
ਐਸ.ਸੀ. ਸੰਦੀਪ ਸਿੰਘ ਨੇ ਕਿਹਾ ਕਿ ਪਾਰਕਿੰਗ ਦੇ ਸੰਚਾਲਨ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਰੁਜ਼ਗਾਰ ਨੂੰ ਲੈ ਕੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਰਕਿੰਗ ਵਿੱਚ ਕੰਮ ਕਰ ਰਹੇ ਨੌਜਵਾਨਾਂ ਅਤੇ ਉੱਥੇ ਲੱਗੀਆਂ ਸਟਾਲਾਂ ਦੇ ਸੰਚਾਲਨ ‘ਤੇ ਇਸ ਕਾਰਵਾਈ ਦਾ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਅਨੁਸਾਰ ਸਿਰਫ਼ ਪਾਰਕਿੰਗ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਦਾ ਪ੍ਰਬੰਧ ਹੁਣ ਨਗਰ ਨਿਗਮ ਅੰਮ੍ਰਿਤਸਰ ਦੇ ਕੰਟਰੋਲ ਹੇਠ ਹੋਵੇਗਾ।
ਪੁੱਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦਾ ਮੁੱਖ ਉਦੇਸ਼ ਪਾਰਕਿੰਗ ਪ੍ਰਬੰਧ ਨੂੰ ਸੁਚਾਰੂ ਬਣਾਉਣਾ ਅਤੇ ਸ਼ਰਧਾਲੂਆਂ ਨੂੰ ਪਹਿਲਾਂ ਨਾਲੋਂ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਨਗਰ ਨਿਗਮ ਦੇ ਪ੍ਰਬੰਧ ਹੇਠ ਪਾਰਕਿੰਗ ਪਹਿਲਾਂ ਵਾਂਗ ਹੀ ਨਿਰਵਿਘਨ ਚੱਲਦੀ ਰਹੇਗੀ ਅਤੇ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

LEAVE A REPLY

Please enter your comment!
Please enter your name here