ਪੰਜਾਬ ਮੁੱਖ ਮੰਤਰੀ ਤੀਰਥ ਯਾਤਰਾ ਬੱਸ ’ਤੇ ਹਮਲਾ/ ਕਾਂਗਰਸੀ ਆਗੂਆਂ ਖਿਲਾਫ਼ ਮਾਮਲਾ ਦਰਜ/ ਆਪ ਆਗੂ ਬਲਤੇਜ ਪੰਨੂੰ ਨੇ ਸਾਧੇ ਨਿਸ਼ਾਨੇ By admin - July 22, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ’ਤੇ ਹਮਲੇ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨੇ ਉਤੇ ਲਿਆ ਹੈ। ਚੰਡੀਗੜ੍ਹ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਘਟਨਾ ਨੂੰ ਮਾਨ ਸਰਕਾਰ ਦੇ ਕੰਮਾਂ ਤੋੰ ਬੁਖਲਾਹਟ ਵਿਚ ਆ ਕੇ ਚੁੱਕਿਆ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਾਲੀ ਅਤੇ ਸ਼ੀਸ਼ਾ ਨਾਮ ਦੇ ਦੋਵੇਂ ਮੁਲਜ਼ਮ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦੇ ਕਾਂਗਰਸ ਦੇ ਇੱਕ ਵੱਡੇ ਆਗੂ ਨਾਲ ਸਬੰਧਤ ਹਨ। ਪੁਲਿਸ ਮੁਤਾਬਕ 21 ਜੁਲਾਈ 2026 ਨੂੰ ਸ਼ਾਮ ਕਰੀਬ 6 ਵਜੇ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ ਤੀਰਥ ਯਾਤਰਾ ਬੱਸ ਵਾਹਗਾ ਬਾਰਡਰ ਤੋਂ ਵਾਪਸ ਅੰਮ੍ਰਿਤਸਰ ਆ ਰਹੀ ਸੀ। ਜਦੋਂ ਬੱਸ ਡਿਫੈਂਸ ਡਰੇਨ ਨੇੜੇ ਪੁੱਜੀ ਤਾਂ ਪਿੱਛੇ ਤੋਂ ਆ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਨੇ ਬੱਸ ਨੂੰ ਰੋਕ ਲਿਆ। ਕਾਰ ਵਿੱਚ ਸਵਾਰ ਦੋ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਲਾਲੀ ਅਤੇ ਬਖਸ਼ੀਸ਼ ਸਿੰਘ ਵਜੋਂ ਹੋਈ ਹੈ, ਨੇ ਕਥਿਤ ਤੌਰ ‘ਤੇ ਕਾਰ ਵਿੱਚੋਂ ਕੁਹਾੜੀ ਕੱਢ ਕੇ ਬੱਸ ਦੇ ਡਰਾਈਵਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਸ ਵਿੱਚ ਸਵਾਰ ਕੁਝ ਯਾਤਰੀਆਂ ਨਾਲ ਵੀ ਖਿੱਚਧੂਹ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਘਟਨਾ ਦੌਰਾਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਘਰਿੰਡਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਪੁਲਿਸ ਮੁਤਾਬਕ ਘਟਨਾ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਹਰ ਪੱਖ ਤੋਂ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮੁਲਜ਼ਮਾਂ ਦੀ ਅਸਲ ਮਨਸ਼ਾ ਕੀ ਸੀ, ਹਮਲੇ ਦੇ ਪਿੱਛੇ ਕੋਈ ਪੁਰਾਣਾ ਵਿਵਾਦ ਸੀ ਜਾਂ ਕੋਈ ਹੋਰ ਕਾਰਨ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਸੀਨੀਅਰ ਬੁਲਾਰਾ ਬਲਤੇਜ ਪੰਨੂ ਨੇ ਕਾਂਗਰਸ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਤੋਂ ਬੁਖਲਾ ਕੇ ਅਜਿਹੀਆਂ ਕਾਰਵਾਈਆਂ ਅੰਜ਼ਾਮ ਦੇ ਰਹੇ ਹਨ।