ਫਰੀਦਕੋਟ ਵਾਸੀਆਂ ਨੇ ਖੁਦ ਚੁੱਕਿਆ ਸਫਾਈ ਦਾ ਬੀੜਾ/ ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤਿਆਂ ਦੀ ਕੀਤੀ ਸਫਾਈ/ ਸਫਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਅਪੀਲ

0
2

ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦੇ ਸਾਰਾ ਸ਼ਹਿਰ ਗੰਦਗੀ ਦੇ ਢੇਰਾਂ ਚ ਬਦਲ ਚੁੱਕਾ ਹੈ। ਗੱਲ ਜੇਕਰ ਇਤਿਹਾਸਕ ਸ਼ਹਿਰ ਫਰੀਦਕੋਟ ਦੀ ਕੀਤੀ ਜਾਵੇ ਤਾਂ ਇੱਥੇ ਬਾਬਾ ਫ਼ਰੀਦ ਜੀ ਦੇ ਅਸਥਾਨ ਨੂੰ ਜਾਣ ਵਾਲੇ ਮੁੱਖ ਰਸਤਿਆਂ ਦੇ ਬਾਹਰ ਕੁੜੇ ਦੇ ਡੰਪ ਬਣ ਚੁੱਕੇ ਹਨ, ਜਿਸ ਕਾਰਨ ਇੱਥੇ ਆਉਣ ਵਾਲੀ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਨੂੰ ਵੇਖਦਿਆਂ ਸ਼ਹਿਰ ਵਾਸੀਆਂ ਨੇ ਇਸ ਨੂੰ ਸਾਫ ਕਰਨ ਲਈ ਖੁਦ ਬੀੜਾ ਚੁੱਕਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਕਰ ਰਹੇ ਸੇਵਾਦਾਰਾਂ ਨੇ ਕਿਹਾ ਕਿ ਹਰ ਵੀਰਵਾਰ ਬਾਬਾ ਫਰੀਦ ਜੀ ਦੇ ਅਸਥਾਨ ਤੇ ਹਜ਼ਾਰਾਂ ਸ਼ਰਧਾਲੂ ਆਉਦੇ ਹਨ, ਜਿਨ੍ਹਾਂ ਨੂੰ ਗੰਦਗੀ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਖੁਦ ਸਫਾਈ ਦਾ ਬੀੜਾ ਚੁੱਕਿਆ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਨੂੰ ਫਰੀਦਕੋਟ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਸਤਿਆਂ ਦੀ ਸਾਫ ਸਫਾਈ ਦੀ ਅਪੀਲ ਕੀਤੀ ਹੈ ਤਾਂ ਜੋ ਦੂਰ-ਦੁਰਾਡਿਓਂ ਆਉਣ ਵਾਲੀ ਸੰਗਤ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਸਥਾਨਕ ਵਾਸੀਆਂ ਨੇ ਗਿਲਾ ਜਾਹਰ ਕੀਤਾ ਕਿ ਇੱਥੇ ਧਾਰਮਿਕ ਅਸਥਾਨਾਂ ਤੇ ਆਉਣ ਵਾਲੀ ਵੱਡੀ ਗਿਣਤੀ ਸੰਗਤ ਵਿਚੋਂ  ਜਿਆਦਾਤਰ ਸੰਗਤ ਬਾਹਰੋਂ ਆਉਂਦੀ ਹੈ ਅਤੇ ਜਦੋਂ ਬਾਬਾ ਫਰੀਦ ਜੀ ਦੇ ਅਸਥਾਨ ਵੱਲ ਜਾਣਾ ਹੋਵੇ ਤਾਂ ਮੱਥੇ ਤੇ ਕੁੜੇ ਦੇ ਢੇਰ ਲੱਗਣ ਕਾਰਨ ਜਿੱਥੇ ਬੁਰਾ ਪ੍ਰਭਾਵ ਪੈਂਦਾ ਹੈ। ਇੱਥੋਂ ਤਕ ਕਿ ਸੰਗਤ ਦੇ ਪੈਰਾਂ ਨਾਲ ਲੱਗ ਕੇ ਗੰਦਗੀ ਦਰਬਾਰ ਤੱਕ ਵੀ ਜਾਂਦੀ ਹੈ ਇਸ ਲਈ ਅੱਜ ਸਰਕਾਰਾਂ ਤੋਂ ਉਮੀਦ ਖਤਮ ਹੁੰਦੀ ਦੇਖ ਖੁਦ ਸਥਾਨਕ ਲੋਕਾਂ ਨੇ ਇਸ ਜਗ੍ਹਾ ਤੇ ਸਫਾਈ ਖੁਦ ਕਰਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਸੇਵਾਦਾਰਾਂ ਨੇ ਸਮੂਹ ਦੁਕਾਨਦਾਰਾਂ ਨਾਲ ਮਿਲ ਕੇ ਸਫਾਈ ਕੀਤੀ ਅਤੇ ਕਲੀ ਛਿੜਕੀ ਗਈ। ਸਰਕਾਰ ਤੇ ਪ੍ਰਸ਼ਾਸਨ ਖਿਲਾਫ ਗਿਲਾ ਜਾਹਰ ਕਰਦਿਆਂ ਸਥਾਨਕ ਵਾਸੀਆਂ ਨੇ ਕਿਹਾ ਕਿ ਇੱਥੇ ਧਾਰਮਿਕ ਸਥਾਨਾਂ ਨੇੜੇ ਪਈ ਗੰਦਗੀ ਨਾਲ ਸ਼ਹਿਰ ਦਾ ਨਾਮ ਖਰਾਬ ਹੋ ਰਿਹਾ ਹੈ, ਪਰ ਸਥਾਨਕ ਵਿਧਾਇਕ ਤੇ ਆਗੂਆਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਮੰਨ ਕੇ ਹੜਤਾਲ ਖਤਮ ਕਰਵਾਉਣ ਦੀ ਮੰਗ ਵੀ ਕੀਤੀ ਤਾਂ ਜੋ ਲੋਕਾਂ ਨੂੰ ਗੰਦਗੀ ਕਾਰਨ ਦਰਪੇਸ਼ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।

LEAVE A REPLY

Please enter your comment!
Please enter your name here