ਅੰਮ੍ਰਿਤਸਰ ਪਹੁੰਚੇ ਸਚਿਨ ਪਾਇਲਟ ਦਾ ਭਾਜਪਾ, ਅਕਾਲੀ ਦਲ ਤੇ ‘ਆਪ’ ’ਤੇ ਤਿੱਖਾ ਹਮਲਾ/ ਗੱਠਜੋੜ ਦੀਆਂ ਚਰਚਾਵਾਂ ਨੂੰ ਦੱਸਿਆ ਮੌਕਾਪ੍ਰਸਤੀ

0
1

ਅੰਮ੍ਰਿਤਸਰ ਵਿੱਚ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ, ਸਿਆਸੀ ਗੱਠਜੋੜਾਂ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਸਮੇਤ ਕਈ ਅਹਿਮ ਮੁੱਦਿਆਂ ’ਤੇ ਆਪਣਾ ਪੱਖ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਕਾਂਗਰਸ ਦੀਆਂ ਚੋਣ ਤਿਆਰੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਭਾਜਪਾ ਅਤੇ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਹੋਣ ਦੀਆਂ ਚਰਚਾਵਾਂ ਬਾਰੇ ਪੁੱਛੇ ਸਵਾਲ ’ਤੇ ਪਾਇਲਟ ਨੇ ਇਸ ਨੂੰ ਮੌਕਾਪ੍ਰਸਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦੋਵਾਂ ਪਾਰਟੀਆਂ ਦਾ ਗੱਠਜੋੜ ਟੁੱਟਿਆ ਸੀ ਤਾਂ ਭਾਜਪਾ ਨੇ ਅਕਾਲੀ ਦਲ ਖ਼ਿਲਾਫ਼ ਕਈ ਗੰਭੀਰ ਬਿਆਨ ਦਿੱਤੇ ਸਨ। ਹੁਣ ਸਵਾਲ ਇਹ ਹੈ ਕਿ ਉਹ ਸਾਰੇ ਕਾਰਨ ਕਿੱਥੇ ਗਏ, ਜਿਨ੍ਹਾਂ ਕਰਕੇ ਦੋਵਾਂ ਪਾਰਟੀਆਂ ਨੇ ਇੱਕ-ਦੂਜੇ ਤੋਂ ਦੂਰੀ ਬਣਾਈ ਸੀ?
ਪਾਇਲਟ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਤੋਂ ਪੰਜ ਸਾਲਾਂ ਦੌਰਾਨ ਦੋਵੇਂ ਪਾਰਟੀਆਂ ਵੱਖ-ਵੱਖ ਰਹੀਆਂ ਅਤੇ ਤਿੰਨ ਖੇਤੀ ਕਾਨੂੰਨਾਂ, ਕਿਸਾਨ ਅੰਦੋਲਨ ਦੌਰਾਨ ਹੋਈਆਂ ਮੌਤਾਂ ਅਤੇ ਨਸ਼ਿਆਂ ਦੇ ਮੁੱਦੇ ’ਤੇ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰਦੀਆਂ ਰਹੀਆਂ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਵਿੱਚ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਬਾਅਦ ਹੁਣ ਦੋਵੇਂ ਪਾਰਟੀਆਂ ਆਪਣੀ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਚੋਣਾਂ ਤੋਂ ਪਹਿਲਾਂ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਦਿਆਂ ਕਾਂਗਰਸ ਇੰਚਾਰਜ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਦਾ ਪ੍ਰਭਾਵ ਖ਼ਤਮ ਹੋ ਚੁੱਕਾ ਹੈ ਅਤੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ, ਜਿਸ ਨੂੰ ਗੰਭੀਰ ਅਤੇ ਜ਼ਿੰਮੇਵਾਰ ਸਰਕਾਰ ਦੀ ਲੋੜ ਹੈ। ਮੁੱਖ ਮੰਤਰੀ ਮਾਨ ’ਤੇ ਤਨਜ਼ ਕੱਸਦਿਆਂ ਉਨ੍ਹਾਂ ਲਾਇਆ ਕਿ ਗੰਭੀਰ ਮੁੱਦਿਆਂ ’ਤੇ ਕਾਰਵਾਈ ਕਰਨ ਦੀ ਬਜਾਏ ਸਰਕਾਰ ਨੇ ਹਾਸੇ-ਮਜ਼ਾਕ ਵਿੱਚ ਸਮਾਂ ਬਿਤਾਇਆ ਹੈ। ਉਨ੍ਹਾਂ ‘ਆਪ’ ਦੇ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਨਾਰਾਜ਼ਗੀ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਜਦੋਂ ਪਾਰਟੀ ਦੇ ਆਪਣੇ ਨੁਮਾਇੰਦਿਆਂ ਦਾ ਹੀ ਵਿਸ਼ਵਾਸ ਉੱਠ ਰਿਹਾ ਹੈ ਤਾਂ ਆਮ ਲੋਕ ਕਿਵੇਂ ਭਰੋਸਾ ਕਰਨਗੇ।
ਭਾਜਪਾ ਵੱਲੋਂ ਲੋਕਾਂ ਤੋਂ ਸੁਝਾਅ ਲੈਣ ਲਈ ਜਾਰੀ ਕੀਤੇ ਗਏ ਨੰਬਰ ਅਤੇ ‘ਡਬਲ ਇੰਜਣ’ ਸਰਕਾਰ ਦੇ ਦਾਅਵਿਆਂ ’ਤੇ ਵੀ ਪਾਇਲਟ ਨੇ ਤਨਜ਼ ਕੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਅਤੇ ਰਾਜਸਥਾਨ ਦੀਆਂ ਹਾਲੀਆ ਪੰਚਾਇਤੀ ਚੋਣਾਂ ਦੇ ਨਤੀਜੇ ਭਾਜਪਾ ਨੂੰ ਆਪਣਾ ਸੁਝਾਅ ਦੇ ਚੁੱਕੇ ਹਨ। ਉਨ੍ਹਾਂ ਭਾਜਪਾ ਨੂੰ ਆਪਣੇ ਦਾਅਵਿਆਂ ’ਤੇ ਆਤਮ-ਮੰਥਨ ਕਰਨ ਦੀ ਸਲਾਹ ਦਿੱਤੀ। ਉੱਤਰ ਪ੍ਰਦੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਆਗਾਮੀ ਚੋਣਾਂ ਮਿਲ ਕੇ ਲੜਨਗੀਆਂ ਅਤੇ ਜਲਦ ਹੀ ਸੀਟਾਂ ਦੀ ਵੰਡ ਤੈਅ ਕੀਤੀ ਜਾਵੇਗੀ।
ਪੰਜਾਬ ਵਿੱਚ ਕਾਂਗਰਸ ਦੀਆਂ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਚਿਨ ਪਾਇਲਟ ਨੇ ਦੱਸਿਆ ਕਿ ਸੂਬਾ ਚੋਣ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਸਕ੍ਰੀਨਿੰਗ ਕਮੇਟੀ ਦਾ ਗਠਨ ਵੀ ਹੋ ਚੁੱਕਾ ਹੈ। ਜਲਦ ਹੀ ਪਾਰਟੀ ਹੈੱਡਕੁਆਰਟਰ ਵਿੱਚ ਮੀਟਿੰਗ ਕਰਕੇ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਟਿਕਟਾਂ ਦੇ ਕਈ ਦਾਅਵੇਦਾਰਾਂ ਬਾਰੇ ਉਨ੍ਹਾਂ ਕਿਹਾ ਕਿ ਉਮੀਦਵਾਰ ਦੀ ਚੋਣ ਯੋਗਤਾ, ਲੋਕਾਂ ਤੋਂ ਮਿਲਣ ਵਾਲੇ ਫੀਡਬੈਕ ਅਤੇ ਜਿੱਤਣ ਦੀ ਸਮਰੱਥਾ ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਦਾ ਸਮੁੱਚਾ ਪਰਿਵਾਰ ਇਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰੇਗਾ।

LEAVE A REPLY

Please enter your comment!
Please enter your name here