ਪੰਜਾਬ ਫਤਹਿਗੜ੍ਹ ਸਾਹਿਬ ਐਸਐਸਪੀ ਦਫਤਰ ਅੱਗੇ ਕਿਸਾਨਾਂ ਦਾ ਧਰਨਾ/ ਲੁੱਟ-ਖੋਹ ਦੀਆਂ ਘਟਨਾਵਾਂ ਖਿਲਾਫ ਕੀਤਾ ਪ੍ਰਦਰਸ਼ਨ/ ਪੁਲਿਸ ਤੋਂ ਗਲਤ ਅਨਸਰਾਂ ਖਿਲਾਫ ਮੰਗੀ ਕਾਰਵਾਈ By admin - July 17, 2026 0 2 Facebook Twitter Pinterest WhatsApp ਫਤਹਿਗੜ੍ਹ ਜਿਲ੍ਹੇ ਅੰਦਰ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਐੱਸ.ਐੱਸ.ਪੀ. ਦਫ਼ਤਰ ਦਾ ਜ਼ੋਰਦਾਰ ਘਰਾਓ ਕੀਤਾ ਗਿਆ। ਜਥੇਬੰਦੀ ਆਗੂਆਂ ਮੁਤਾਬਕ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਹ ਲੋਕਾਂ ਦੇ ਘਰਾਂ ਵਿਚੋਂ ਕੀਮਤੀ ਸਾਮਾਨ ਚੋਰੀ ਕਰਨ ਦੇ ਨਾਲ ਨਾਲ ਕਿਸਾਨਾਂ ਦੇ ਖੇਤਾਂ ਵਿਚੋਂ ਟਰਾਂਸਫਾਰਮਰ ਤੇ ਹੋਰ ਸਾਮਾਨ ਚੋਰੀ ਕਰ ਰਹੇ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਮੰਗੀ ਹੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਅਤੇ ਹਰਿੰਦਰ ਸਿੰਘ ਦੇ ਦੱਸਣ ਮੁਤਾਬਕ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਲੋਕਾਂ ਦੇ ਘਰਾਂ ਵਿੱਚੋਂ ਕੀਮਤੀ ਸਾਮਾਨ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਮੱਝਾਂ ਲਗਾਤਾਰ ਚੋਰੀ ਹੋ ਰਹੀਆਂ ਹਨ। ਖੇਤਾਂ ਵਿੱਚੋਂ ਮੋਟਰਾਂ ਦੇ ਸਟਾਰਟਰ, ਕੇਬਲਾਂ ਅਤੇ ਟ੍ਰਾਂਸਫਾਰਮਰ ਚੋਰੀ ਹੋਣਾ ਹੁਣ ਰੋਜ਼ ਦਾ ਕੰਮ ਬਣ ਗਿਆ ਹੈ। ਇਸ ਤੋਂ ਇਲਾਵਾ ਰਸਤੇ ਜਾਂਦੇ ਰਾਹਗੀਰਾਂ ਨੂੰ ਵੀ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਹੱਥ ‘ਤੇ ਹੱਥ ਰੱਖ ਕੇ ਬੈਠਾ ਹੈ। ਕਈ ਵਾਰ ਥਾਣਾ ਮੁਖੀਆਂ ਅਤੇ ਜ਼ਿਲ੍ਹੇ ਦੇ ਐੱਸ.ਐੱਸ.ਪੀ. ਨੂੰ ਮਿਲ ਕੇ ਗੁਹਾਰ ਲਗਾਈ ਗਈ, ਪਰ ਨਾ ਤਾਂ ਕੋਈ ਚੋਰ ਫੜਿਆ ਗਿਆ ਅਤੇ ਨਾ ਹੀ ਕੋਈ ਸਾਮਾਨ ਬਰਾਮਦ ਹੋਇਆ। ਇਸ ਢਿੱਲੀ ਕਾਰਗੁਜ਼ਾਰੀ ਕਾਰਨ ਚੋਰ ਬੇਖ਼ੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕਿਸਾਨ ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਜਲਦ ਚੋਰਾਂ ‘ਤੇ ਨੱਥ ਨਾ ਪਾਈ ਅਤੇ ਚੋਰੀਆਂ ਦਾ ਸਿਲਸਿਲਾ ਬੰਦ ਨਾ ਕਰਵਾਇਆ, ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।