ਪੰਜਾਬ ਦਸੂਹਾ ’ਚ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ/ ਸੀਸੀਟੀਵੀ ਫੁਟੇਜ ਨਾਲ ਬੇਨਕਾਬ ਹੋਇਆ ਮੁਲਜ਼ਮ/ ਪੁਲਿਸ ਨੇ ਗੰਨੇ ਦੇ ਖੇਤ ’ਚੋਂ ਕੀਤਾ ਕਾਬੂ By admin - July 17, 2026 0 1 Facebook Twitter Pinterest WhatsApp ਦਸੂਹਾ ਦੇ ਪਿੰਡ ਊਂਚੀਬੱਸੀ ਸਥਿਤ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਨਕਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਚੋਰੀ ਦੀ ਪੂਰੀ ਵਾਰਦਾਤ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਹੋਈ। ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਸਾਥੀਆਂ ਨਾਲ ਪਿੰਡ ਵਿੱਚ ਝੋਨੇ ਦੀ ਲੁਆਈ ਦਾ ਕੰਮ ਕਰਦਾ ਸੀ। ਪੁਲਿਸ ਨੇ ਮੁਲਜਮ ਨੂੰ ਗੰਨੇ ਦੇ ਖੇਤ ਵਿਚੋਂ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਹੋਣ ਦੀ ਜਾਣਕਾਰੀ ਮਿਲੀ। ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਗੋਲਕ ਟੁੱਟੀ ਹੋਈ ਸੀ ਅਤੇ ਉਸ ਵਿੱਚ ਪਈ ਨਕਦੀ ਗਾਇਬ ਸੀ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਚੋਰੀ ਕਰਨ ਵਾਲਾ ਵਿਅਕਤੀ ਸਾਫ਼ ਨਜ਼ਰ ਆ ਗਿਆ। ਪਛਾਣ ਹੋਣ ਉਪਰੰਤ ਪਿੰਡ ਵਾਸੀਆਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਕਮਰਿਆਂ ਦੀ ਤਲਾਸ਼ੀ ਲਈ ਅਤੇ ਚੋਰੀ ਕੀਤੀ ਨਕਦੀ ਸਮੇਤ ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਦਸੂਹਾ ਦੇ ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਮੁਲਜ਼ਮ ਪਿੰਡ ਵਾਸੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਉਸ ਦੇ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਕੇ ਨੇੜਲੇ ਗੰਨੇ ਦੇ ਖੇਤ ਵਿੱਚੋਂ ਕਾਬੂ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਅਫ਼ਰੋਜ਼ ਪੁੱਤਰ ਵਹਾਉਦੀਨ, ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਆਪਣੇ 16 ਹੋਰ ਸਾਥੀਆਂ ਨਾਲ ਪੰਜਾਬ ਵਿੱਚ ਝੋਨਾ ਲਗਾਉਣ ਦਾ ਕੰਮ ਕਰਦਾ ਸੀ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਨਕਦੀ ਬਰਾਮਦ ਕਰ ਲਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।