ਪੰਜਾਬ ਖੰਨਾ ਪੁਲਿਸ ਵੱਲੋਂ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ/ ਜਸਪਾਲੋਂ ਸਥਿਤ ਕੇਂਦਰ ’ਚੋਂ ਰਿਹਾਅ ਕਰਵਾਏ 16 ਪੀੜਤ/ ਵੱਖ ਵੱਖ ਧਰਾਵਾਂ ਤਹਿਤ 4 ਜਣਿਆਂ ਖਿਲਾਫ ਕੇਸ ਦਰਜ By admin - July 12, 2026 0 1 Facebook Twitter Pinterest WhatsApp ਖੰਨਾ ਪੁਲਿਸ ਨੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਿੰਡ ਜਸਪਾਲੋਂ ਵਿਖੇ ਚੱਲ ਰਹੇ ਇਸ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿਚ ਛਾਪੇਮਾਰੀ ਕਰ ਕੇ 16 ਵਿਅਕਤੀਆਂ ਨੂੰ ਰਿਹਾਅ ਕਰਵਾਇਆ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਕੇਂਦਰ ਪ੍ਰਬੰਧਕਾਂ ਵੱਲੋਂ ਪ੍ਰਤੀ ਮਰੀਜ਼ 5 ਤੋਂ 6 ਹਜ਼ਾਰ ਵਸੂਲੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਂਦਰ ਨਾਲ ਜੁੜੇ 4 ਜਣਿਆਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਖੰਨਾ ਦੇ ਐੱਸ.ਐੱਚ.ਓ. ਪਵਿੱਤਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਕੀਤੀ ਕਾਰਵਾਈ ਦੌਰਾਨ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਜਰਨੈਲ ਸਿੰਘ, ਐੱਸ.ਐੱਸ.ਪੀ. ਖੰਨਾ ਦੇ ਰੀਡਰ ਰਾਓ ਵਰਿੰਦਰ ਸਿੰਘ, ਪੁਲਿਸ ਚੌਕੀ ਕੋਟ ਦੇ ਇੰਚਾਰਜ ਕਰਮਜੀਤ ਸਿੰਘ, ਏ.ਐੱਸ.ਆਈ. ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਰਹੇ। ਪੁਲਿਸ ਜਾਂਚ ਮੁਤਾਬਕ ਇਹ ਨਸ਼ਾ ਛੁਡਾਊ ਕੇਂਦਰ ਪਿੰਡ ਜਸਪਾਲੋਂ ਵਿੱਚ ਇੱਕ ਨਿੱਜੀ ਮਕਾਨ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਦੋਸ਼ ਹੈ ਕਿ ਇੱਥੇ ਦਾਖ਼ਲ ਹਰ ਵਿਅਕਤੀ ਤੋਂ ਪ੍ਰਤੀ ਮਹੀਨਾ 5,000 ਤੋਂ 6,000 ਰੁਪਏ ਤੱਕ ਵਸੂਲੇ ਜਾਂਦੇ ਸਨ। ਐੱਸ.ਐੱਚ.ਓ. ਪਵਿੱਤਰ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਜਸਪਾਲੋਂ, ਰਜਿੰਦਰ ਕੌਰ ਪਤਨੀ ਹਰਦੇਵ ਸਿੰਘ ਵਾਸੀ ਜਸਪਾਲੋਂ, ਵਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਾਹਪੁਰ ਅਤੇ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਚੌਂਦਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤਾ ਹੈ। ਕਾਰਵਾਈ ਤੋਂ ਬਾਅਦ ਰਿਹਾਅ ਕਰਵਾਏ ਗਏ 16 ਵਿਅਕਤੀਆਂ ਦੀ ਸਿਹਤ ਜਾਂਚ ਲਈ ਐੱਸ.ਐੱਮ.ਓ. ਪਾਇਲ ਡਾ. ਹਰਵਿੰਦਰ ਸਿੰਘ ਦੀ ਟੀਮ ਨੂੰ ਬੁਲਾਇਆ ਗਿਆ। ਮੈਡੀਕਲ ਟੀਮ ਨੇ ਉਨ੍ਹਾਂ ਨੂੰ ਮਰੀਜ਼ ਮੰਨਦਿਆਂ, ਉਨ੍ਹਾਂ ਦੀ ਸਹਿਮਤੀ ਅਨੁਸਾਰ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਣ ਦੀ ਸਿਫ਼ਾਰਸ਼ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਮਨਜ਼ੂਰੀ ਚੱਲ ਰਹੇ ਅਜਿਹੇ ਕੇਂਦਰਾਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।