ਪੰਜਾਬ ਬਿਹਾਰ ਦੇ ‘ਨਿਤੀਸ਼ ਸੇਤੂ’ ਪੁਲ ਦੇ ਨਾਮਕਰਨ ’ਤੇ ਸਿਆਸੀ ਵਿਵਾਦ/ ਵਿਧਾਇਕ ਕੁਲਦੀਪ ਧਾਲੀਵਾਲ ਨੇ ਘੇਰੀ ਭਾਜਪਾ/ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਪ੍ਰਸਤਾਵ ਵਿਸਾਰਨ ਦੇ ਇਲਜ਼ਾਮ By admin - November 21, 2026 0 4 Facebook Twitter Pinterest WhatsApp ਬਿਹਾਰ ਵਿੱਚ ਗੰਗਾ ਨਦੀ ’ਤੇ ਬਣੇ ਕੱਚੀ ਦਰਗਾਹ–ਬਿਦੁਪੁਰ ਛੇ-ਮਾਰਗੀ ਪੁਲ ਦੇ ਨਾਮਕਰਨ ਨੂੰ ਲੈ ਕੇ ਸਿਆਸੀ ਵਿਵਾਦ ਭਖ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੁਲ ਦਾ ਨਾਮ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਮ ’ਤੇ ਰੱਖੇ ਜਾਣ ਨੂੰ ਲੈ ਕੇ ਭਾਜਪਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਦੇ ਨੇੜੇ ਬਣੇ ਇਸ ਪੁਲ ਦਾ ਨਾਮ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਿਆ ਜਾਣਾ ਚਾਹੀਦਾ ਸੀ, ਪਰ ਹੁਣ ਇਸ ਦਾ ਨਾਮ ਬਦਲ ਕੇ ‘ਨਿਤੀਸ਼ ਸੇਤੂ’ ਰੱਖ ਦਿੱਤਾ ਗਿਆ ਹੈ। ਧਾਲੀਵਾਲ ਨੇ ਇਸ ਫੈਸਲੇ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਗੁਰੂ ਸਾਹਿਬ ਦੇ ਨਾਮ ਨਾਲ ਜੁੜੇ ਪ੍ਰਸਤਾਵ ਦੇ ਬਾਵਜੂਦ ਪੁਲ ਦਾ ਨਾਮ ਇੱਕ ਸਿਆਸੀ ਆਗੂ ਦੇ ਨਾਮ ’ਤੇ ਕਿਉਂ ਰੱਖਿਆ ਗਿਆ। ਦੱਸਣਯੋਗ ਹੈ ਕਿ 13 ਨਵੰਬਰ 2026 ਨੂੰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਐਲਾਨ ਕੀਤਾ ਸੀ ਕਿ ਪਟਨਾ ਅਤੇ ਵੈਸ਼ਾਲੀ ਜ਼ਿਲ੍ਹਿਆਂ ਨੂੰ ਜੋੜਨ ਵਾਲੇ 9.76 ਕਿਲੋਮੀਟਰ ਲੰਬੇ ਇਸ ਪੁਲ ਦਾ ਨਾਮ ‘ਨਿਤੀਸ਼ ਸੇਤੂ’ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਨਵੰਬਰ 2026 ਨੂੰ ਇਸ ਪੁਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਨਾਮਕਰਨ ’ਤੇ ਇਤਰਾਜ਼ ਜਤਾਉਣ ਵਾਲੀਆਂ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਬਿਹਾਰ ਸਰਕਾਰ ਦੇ ਸੜਕ ਨਿਰਮਾਣ ਵਿਭਾਗ ਨੇ ਫਰਵਰੀ 2026 ਵਿੱਚ ਵਿਧਾਨ ਸਭਾ ਵਿੱਚ ਦਿੱਤੇ ਲਿਖਤੀ ਜਵਾਬ ਦੌਰਾਨ ਦੱਸਿਆ ਸੀ ਕਿ ਪੁਲ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਣ ਸਬੰਧੀ ਪ੍ਰਸਤਾਵ ਵਿਭਾਗ ਨੂੰ ਮਿਲਿਆ ਹੈ ਅਤੇ ਇਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਵਿਰੋਧੀਆਂ ਦਾ ਦੋਸ਼ ਹੈ ਕਿ ਪਹਿਲਾਂ ਪੁਲ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਜਾਂ ਆਜ਼ਾਦੀ ਘੁਲਾਟੀਏ ਅਕਸ਼ੈਵਟ ਰਾਏ ਦੇ ਨਾਮ ’ਤੇ ਰੱਖਣ ਦੀ ਚਰਚਾ ਸੀ, ਪਰ ਹੁਣ ਇਸ ਨੂੰ ਇੱਕ ਜੀਵਿਤ ਸਿਆਸੀ ਆਗੂ ਦੇ ਨਾਮ ਨਾਲ ਜੋੜ ਦਿੱਤਾ ਗਿਆ ਹੈ।