ਪੰਜਾਬ ਪਟਿਆਲਾ ਦੀ ਮਾਰਕਲ ਕਾਲੋਨੀ ’ਚ ਨੌਜਵਾਨ ’ਤੇ ਹਮਲਾ/ ਨਸ਼ਾ ਤਸਕਰਾਂ ਦੀ ਵੀਡੀਓ ਬਣਾਉਣ ਤੇ ਬਣਾਇਆ ਨਿਸ਼ਾਨਾ/ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 11, 2026 0 1 Facebook Twitter Pinterest WhatsApp \ ਪਟਿਆਲਾ ਦੀ ਮਾਰਕਲ ਕਾਲੋਨੀ ਵਿਚ ਨਸ਼ਾ ਤਸਕਰਾਂ ਵੱਲੋਂ ਨੌਜਵਾਨ ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਹਮਲੇ ਦੀ ਵਜ੍ਹਾ ਨਸ਼ੇ ਦੀ ਵੀਡੀਓ ਬਣਾਉਣਾ ਦੱਸਿਆ ਜਾ ਰਿਹਾ ਹੈ। ਪੀੜਤ ਧਿਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਨਸ਼ੇ ਵੇਚ ਰਹੇ ਨੌਜਵਾਨਾਂ ਦੀ ਵੀਡੀਓ ਬਣਾਈ ਸੀ, ਜਿਸ ਦੀ ਰੰਜ਼ਿਸ਼ ਤਹਿਤ 20 ਤੋਂ 25 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਮੰਗੀ ਹੈ। ਹਮਲੇ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ, ਨੌਜਵਾਨ ਰਾਤ ਸਮੇਂ ਆਪਣੇ ਦੋਸਤਾਂ ਨਾਲ ਕੁੱਤਾ ਘੁਮਾਉਣ ਲਈ ਨਿਕਲਿਆ ਹੋਇਆ ਸੀ। ਇਸ ਦੌਰਾਨ ਕਲੋਨੀ ਦੇ ਮੋੜ ‘ਤੇ ਕੁਝ ਨੌਜਵਾਨ ਕਥਿਤ ਤੌਰ ‘ਤੇ ਨਸ਼ਾ ਵੇਚਦੇ ਅਤੇ ਖਰੀਦਦੇ ਨਜ਼ਰ ਆਏ। ਨੌਜਵਾਨ ਨੇ ਪਹਿਲਾਂ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ, ਜਿਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਪਰਿਵਾਰ ਦਾ ਦਾਅਵਾ ਹੈ ਕਿ ਕੁਝ ਸਮੇਂ ਬਾਅਦ ਉਹੀ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਮੁੜ ਆਏ ਅਤੇ ਕਰੀਬ 20 ਤੋਂ 25 ਵਿਅਕਤੀਆਂ ਨੇ ਕਿਰਪਾਨਾਂ, ਡੰਡਿਆਂ ਅਤੇ ਕੱਚ ਦੀਆਂ ਬੋਤਲਾਂ ਨਾਲ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਇਹ ਸਾਰਾ ਘਟਨਾਕ੍ਰਮ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਹਮਲੇ ਦੌਰਾਨ ਨੌਜਵਾਨ ਦੇ ਸਿਰ ‘ਤੇ 5 ਤੋਂ 7 ਟਾਂਕੇ ਲੱਗੇ ਹਨ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਉਹ ਆਪਣੇ ਹੀ ਘਰਾਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉੱਧਰ, ਪੀੜਤ ਪਰਿਵਾਰ ਨੇ ਕੋਤਵਾਲੀ ਥਾਣੇ ਦੇ ਐਸਐਚਓ ਗੁਰਪ੍ਰੀਤ ਹਾਂਡਾ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਘਟਨਾ ਤੋਂ ਬਾਅਦ ਲੰਬੇ ਸਮੇਂ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕੇ ਵਿੱਚ ਅਮਨ-ਕਾਨੂੰਨ ਬਣਿਆ ਰਹੇ।