ਪੰਜਾਬ ਫਤਹਿਗੜ੍ਹ ਸਾਹਿਬ ’ਚ ਵਕੀਲਾਂ ਦੀ ਹੜਤਾਲ ਦਾ ਮਾਮਲਾ/ ਤੀਜੇ ਦਿਨ ਵੀ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਹੋਏ ਲੋਕ/ ਬਾਲ ਕੌਂਸਲ ਵੱਲੋਂ ਨਵੀਂ ਪ੍ਰਣਾਲੀ ਦੀ ਸਖਤ ਨਿੰਦਾ By admin - July 9, 2026 0 1 Facebook Twitter Pinterest WhatsApp ਲੀਗਲ ਐਂਡ ਡਿਫੈਂਸ ਕੌਂਸਲ ਸਿਸਟਮ (LADCS) ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਲਈ ‘ਕਲਮ ਛੋੜ’ ਹੜਤਾਲ ਅੱਜ ਤੀਜੇ ਦਿਨ ਵੀ ਮੁਕੰਮਲ ਰੂਪ ਵਿੱਚ ਜਾਰੀ ਰਹੀ। ਇਸ ਕਾਰਨ ਅਦਾਲਤਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ, ਜਿਸ ਦੇ ਚਲਦਿਆਂ ਕੇਸਾਂ ਦੀਆਂ ਤਾਰੀਕਾਂ ਭੁਗਤਣ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਬਾਰ ਕੌਂਸਲ ਨੇ ਮੰਗਾਂ ਨਾ ਮੰਨੇ ਜਾਣ ਤਕ ਹੜਤਾਲ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ। ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਇਸ ਨਵੀਂ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੀਤੀ ਕਾਰਨ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਖ਼ਾਸ ਕਰਕੇ ਨਵੇਂ ਪ੍ਰੈਕਟਿਸ ਸ਼ੁਰੂ ਕਰਨ ਵਾਲੇ ਵਕੀਲਾਂ ਦਾ ਵੱਡਾ ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਲੋਕ ਨਿੱਜੀ ਵਕੀਲਾਂ ਦੀ ਫ਼ੀਸ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹਨ, ਉਹ ਵੀ ਮੁਫ਼ਤ ਕਾਨੂੰਨੀ ਸਹਾਇਤਾ ਵਾਲੀ ਇਸ ਸਰਕਾਰੀ ਸਹੂਲਤ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ, ਜਿਸ ਨਾਲ ਪੇਸ਼ੇਵਰ ਵਕੀਲਾਂ ਦੇ ਰੁਜ਼ਗਾਰ ‘ਤੇ ਸਿੱਧਾ ਅਸਰ ਪੈ ਰਿਹਾ ਹੈ। ਵਕੀਲ ਭਾਈਚਾਰੇ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਸ ਪ੍ਰਣਾਲੀ ਵਿੱਚ ਲੋੜੀਂਦੇ ਸੁਧਾਰ ਨਹੀਂ ਕੀਤੇ ਜਾਂਦੇ ਜਾਂ ਇਸ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ, ਉਨ੍ਹਾਂ ਦਾ ਇਹ ਸੰਘਰਸ਼ ਅਤੇ ਅਦਾਲਤੀ ਕੰਮਕਾਜ ਦਾ ਬਾਈਕਾਟ ਨਿਰੰਤਰ ਜਾਰੀ ਰਹੇਗਾ।