ਅਬੋਹਰ ਪੁਲਿਸ ਨੇ ਸੁਲਝਾਇਆ ਮੋਬਾਈਲ ਦੁਕਾਨ ਚੋਰੀ ਮਾਮਲਾ/ ਦੋ ਚੋਰਾਂ ਨੂੰ ਕਾਬੂ ਕਰ ਕੇ 50 ਮੋਬਾਈਲ ਫੋਨ ਬਰਾਮਦ/ ਸੀਸੀਟੀਵੀ ਫੁਟੇਜ ਰਾਹੀਂ ਟਰੇਸ ਕੀਤਾ ਮੁਲਜ਼ਮ

0
1

 

ਅਬੋਹਰ ਪੁਲਿਸ ਨੇ ਸ਼ਹਿਰ ਦੇ ਸਬਜ਼ੀ ਮੰਡੀ ਚੌਕ ਵਿਖੇ ਸਥਿਤ ਇੱਕ ਮੋਬਾਈਲ ਦੁਕਾਨ ‘ਤੇ ਹਫ਼ਤਾ ਪਹਿਲਾਂ ਹੋਈ ਵੱਡੀ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਥਾਣਾ ਸਿਟੀ-1 ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 50 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੇ ਇਹ ਮਾਮਲਾ ਸੀਸੀਟੀਵੀ ਫੁਟੇਜ਼ ਦੇ ਆਧਾਰ ਤੇ ਹੱਲ ਕੀਤਾ ਹੈ।  ਫੁਟੇਜ ਵਿੱਚ ਇੱਕ ਨੌਜਵਾਨ ਦੇ ਹੱਥ ‘ਤੇ ਬਣਿਆ ਟੈਟੂ ਪੁਲਿਸ ਨੂੰ ਮੁਲਜ਼ਮਾਂ ਤੱਕ ਲੈ ਗਿਆ। ਮੁਲਜ਼ਮਾਂ ਨੂੰ ਟਰੇਸ ਕਰਨ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰ ਕੇ ਮਹਿੰਦਰ ਕੁਮਾਰ ਦੇ ਪੁੱਤਰ ਸੰਜਮ ਕੁਮਾਰ ਅਤੇ ਸੁਰੇਸ਼ ਕੁਮਾਰ ਦੇ ਪੁੱਤਰ ਆਕਾਸ਼ ਵਾਸੀ ਸੰਤ ਨਗਰ ਗਲੀ ਨੰਬਰ 3, ਅਬੋਹਰ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਹਰੀਸ਼ ਕੁਮਾਰ ਅਤੇ ਸਿਟੀ-1 ਥਾਣੇ ਦੇ ਇੰਚਾਰਜ ਇੰਸਪੈਕਟਰ ਮਨਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਰਿਆਮ ਨਗਰ ਦੇ ਰਹਿਣ ਵਾਲੇ ਬਬਲੂ ਕੁਮਾਰ, ਜੋ ਪੁਰਾਣੀ ਫਾਜ਼ਿਲਕਾ ਰੋਡ ‘ਤੇ ਦਿੱਲੀ ਮੋਬਾਈਲ ਰਿਪੇਅਰ ਨਾਮਕ ਦੁਕਾਨ ਚਲਾਉਂਦੇ ਹਨ, ਨੇ ਸ਼ਿਕਾਇਤ ਕੀਤੀ ਸੀ ਕਿ ਉਹ 1 ਜੁਲਾਈ ਦੀ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਅਗਲੀ ਸਵੇਰ, ਚੌਕੀਦਾਰ ਨੇ ਫ਼ੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਦੁਕਾਨ ਤੋਂ 14 ਨਵੇਂ ਅਤੇ 70 ਪੁਰਾਣੇ ਮੋਬਾਈਲ ਫੋਨ ਚੋਰੀ ਹੋ ਗਏ ਹਨ।
ਸ਼ਿਕਾਇਤ ਦੇ ਆਧਾਰ ‘ਤੇ, ਅਣਪਛਾਤੇ ਮੁਲਜ਼ਮਾਂ ਵਿਰੁੱਧ ਪੁਲਿਸ ਸਟੇਸ਼ਨ ਸਿਟੀ-1 ਵਿਖੇ ਆਈਪੀਸੀ ਦੀ ਧਾਰਾ 331(4) ਅਤੇ 305 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਦੌਰਾਨ ਇੱਕ ਨੌਜਵਾਨ ਦੇ ਹੱਥ ‘ਤੇ ਟੈਟੂ ਬਣਿਆ ਵੇਖਿਆ, ਜਿਸ ਦੇ ਆਧਾਰ ਤੇ ਪੁਲਿਸ ਮੁਲਜਮਾਂ ਤਕ ਪਹੁੰਚਣ ਵਿਚ ਸਫਲ ਹੋਈ।  ਮੁੱਢਲੀ ਪੁੱਛਗਿੱਛ ਦੌਰਾਨ, ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲਗਭਗ 50 ਮੋਬਾਈਲ ਫੋਨ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਮਾਂਡ ਦੌਰਾਨ, ਬਾਕੀ ਸਾਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ ਅਤੇ ਹੋਰ ਚੋਰੀਆਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਪੁਲਿਸ ਦੇ ਅਨੁਸਾਰ, ਸੰਜਮ ਕੁਮਾਰ ਦੇ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਆਕਾਸ਼ ਉਰਫ਼ ਚੋਰੀ ਵਿਰੁੱਧ ਪਹਿਲਾਂ ਹੀ ਅਬੋਹਰ ਵਿੱਚ ਚੋਰੀ ਅਤੇ ਹਮਲੇ ਦੇ ਸੱਤ ਮਾਮਲੇ ਦਰਜ ਹਨ, ਇੱਕ ਬਠਿੰਡਾ ਵਿੱਚ ਅਤੇ ਦੋ ਫਤਿਹਾਬਾਦ ਵਿੱਚ।ਡੀਐਸਪੀ ਹਰੀਸ਼ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗਗਨ ਅਜੀਤ ਸਿੰਘ ਦੇ ਨਿਰਦੇਸ਼ਾਂ ‘ਤੇ, ਅਬੋਹਰ ਪੁਲਿਸ ਜ਼ੀਰੋ-ਟੌਲਰੈਂਸ ਨੀਤੀ ਤਹਿਤ ਅਪਰਾਧੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਚੋਰੀ, ਡਕੈਤੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਮੁਹਿੰਮ ਜਾਰੀ ਰਹੇਗੀ।

LEAVE A REPLY

Please enter your comment!
Please enter your name here