ਪੰਜਾਬ ਆਨੰਦਪੁਰ ਸਾਹਿਬ ਦਾ ਫੌਜੀ ਜਵਾਨ ਨੇ ਚਮਕਾਇਆ ਨਾਮ/ ਉਜਬੇਕਿਸਤਾਨ ’ਚ ਟੀਮ ਦੇ ਮੁੱਖ ਕੋਚ ਵਜੋਂ ਕੀਤੀ ਨੁਮਾਇੰਦਗੀ/ ਏਸ਼ੀਅਨ ਮਾਊਂਟੇਨ ਸਾਈਕਲਿੰਗ ਚੈਂਪੀਅਨ ’ਚ ਜਿੱਤਿਆ ਤਮਗਾ By admin - July 7, 2026 0 1 Facebook Twitter Pinterest WhatsApp ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਰਾਏਪੁਰ ਸਾਹਨੀ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਜਵਾਨ ਕੁਲਵੰਤ ਸਿੰਘ ਨੇ ਆਪਣੇ ਖੇਡ ਪ੍ਰੇਮ ਸਦਕਾ ਜ਼ਿਲ੍ਹੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕੁਲਵੰਤ ਸਿੰਘ ਨੇ ਉਜਬੇਕਿਸਤਾਨ ਵਿੱਚ 23 ਤੋਂ 27 ਜੂਨ ਤੱਕ ਹੋਈ ਏਸ਼ੀਅਨ ਮਾਊਂਟੇਨ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੇ ਮੁੱਖ ਕੋਚ ਵਜੋਂ ਨੁਮਾਇੰਦਗੀ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਏਸ਼ੀਆ ਦੇ 18 ਦੇਸ਼ਾਂ ਨੇ ਹਿੱਸਾ ਲਿਆ, ਜਿੱਥੇ ਭਾਰਤੀ ਟੀਮ ਨੇ ਟੀਮ ਰਿਲੇ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਇੱਕ ਖਿਡਾਰੀ ਨੇ ਪੰਜਵਾਂ ਸਥਾਨ ਹਾਸਲ ਕੀਤਾ। ਕੁਲਵੰਤ ਸਿੰਘ ਅੱਜ ਆਪਣੇ ਜੱਦੀ ਪਿੰਡ ਵਾਪਸ ਪਹੁੰਚੇ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 14 ਸਾਲਾਂ ਤੋਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਕੁਲਵੰਤ ਸਿੰਘ ਸਾਲ 2014 ਤੋਂ ਮਾਊਂਟੇਨ ਸਾਈਕਲਿੰਗ ਨਾਲ ਜੁੜੇ ਹੋਏ ਹਨ ਅਤੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਐਨ.ਆਈ.ਐਸ. ਪਟਿਆਲਾ ਤੋਂ ਸਪੋਰਟਸ ਕੋਚਿੰਗ ਵਿੱਚ ਡਿਪਲੋਮਾ ਕਰਨ ਤੋਂ ਬਾਅਦ ਉਹ ਭਾਰਤੀ ਫੌਜ ਦੀ ਮਾਊਂਟੇਨ ਸਾਈਕਲਿੰਗ ਟੀਮ ਦੇ ਕੋਚ ਬਣੇ ਅਤੇ ਹੁਣ ਭਾਰਤੀ ਟੀਮ ਨੂੰ ਵੀ ਕੋਚਿੰਗ ਦੇ ਰਹੇ ਹਨ। ਉਜਬੇਕਿਸਤਾਨ ਵਿੱਚ ਹੋਈ ਏਸ਼ੀਅਨ ਮਾਊਂਟੇਨ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਕੋਚਿੰਗ ਹੇਠ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਰਿਲੇ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਵੱਲੋਂ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ, ਜਿਸ ਵਿੱਚ ਰਹਿਣ-ਸਹਿਣ, ਸਾਈਕਲਾਂ, ਖੇਡਾਂ ਦਾ ਸਾਮਾਨ, ਕਿੱਟ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਸ਼ਾਮਲ ਹਨ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ, ਖ਼ਾਸ ਕਰਕੇ ਸਾਈਕਲਿੰਗ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਅਤੇ ਦੇਸ਼ ਲਈ ਕੁਝ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ।, ਉਨ੍ਹਾਂ ਕਿਹਾ ਕਿ ਆਪਣੇ ਪਿੰਡ ਵਾਸੀਆਂ ਵੱਲੋਂ ਮਿਲੇ ਸਨਮਾਨ ਨਾਲ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ 2019 ਵਿੱਚ ਬੰਗਲਾਦੇਸ਼ ਵਿੱਚ ਮੈਡਲ ਜਿੱਤਣ ਉਪਰੰਤ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਸੀ। ਹੁਣ ਦੂਜੀ ਵਾਰ ਮਿਲੇ ਇਸ ਮਾਣ-ਸਤਿਕਾਰ ਲਈ ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।