ਪੰਜਾਬ ਅੰਮ੍ਰਿਤਸਰ ਵਿਖੇ ਟਰੱਕ ਆਪਰੇਟਰਾਂ ਦੀ ਅਹਿਮ ਮੀਟਿੰਗ/ ਡੀਜ਼ਲ ਦੇ ਰੇਟ ਤੇ ਆਨਲਾਈਨ ਚਲਾਨਾਂ ਦੀ ਸਖਤ ਨਿੰਦਾ/ ਚੱਕਾ ਜਾਮ ਕਰ ਕੇ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ By admin - July 4, 2026 0 1 Facebook Twitter Pinterest WhatsApp ਡੀਜ਼ਲ ਦੇ ਲਗਾਤਾਰ ਵਧਦੇ ਰੇਟ ਅਤੇ ਆਨ ਲਾਈਨ ਚਲਾਨਾਂ ਤੋਂ ਪ੍ਰੇਸ਼ਾਨ ਟਰੱਕ ਆਪਰੇਟਰਾਂ ਨੇ ਚੱਕਾ ਜਾਮ ਕਰ ਕੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਅੰਮ੍ਰਿਤਸਰ ਵਿਖੇ ਪੰਜਾਬ ਟਰੱਕ ਏਕਤਾ ਅੰਮ੍ਰਿਤਸਰ ਵੱਲੋਂ ਬਖਸ਼ੀਸ਼ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਈ ਟਰੱਕ ਆਪਰੇਟਰਾਂ ਅਤੇ ਟਰਾਂਸਪੋਰਟਰਾਂ ਦੀ ਮੀਟਿੰਗ ਦੌਰਾਨ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ, ਟਰੱਕ ਭਾੜੇ ਵਿੱਚ ਕੀਤੀ ਜਾ ਰਹੀ ਕਟੌਤੀ ਅਤੇ ਆਨਲਾਈਨ ਚਲਾਨਾਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਪ੍ਰਤੀ ਰੋਸ ਜ਼ਾਹਿਰ ਕੀਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਚੱਕਾ ਜਾਮ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧਵਾਂ ਅਤੇ ਪਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿੱਚ 15 ਤੋਂ 20 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਹੋ ਚੁੱਕਾ ਹੈ, ਜਿਸ ਕਾਰਨ ਟਰਾਂਸਪੋਰਟਰਾਂ ਦੇ ਖਰਚੇ ਕਾਫ਼ੀ ਵੱਧ ਗਏ ਹਨ। ਇਸ ਦੇ ਉਲਟ ਟਰੱਕਾਂ ਦੇ ਭਾੜੇ ਵਧਾਉਣ ਦੀ ਬਜਾਏ 250 ਰੁਪਏ ਤੋਂ ਘਟਾ ਕੇ 230 ਰੁਪਏ ਕਰ ਦਿੱਤੇ ਗਏ ਹਨ, ਜਿਸ ਨਾਲ ਟਰਾਂਸਪੋਰਟ ਕਾਰੋਬਾਰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਵਪਾਰੀ ਧਿਰ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੱਕਾਂ ਦੇ ਭਾੜੇ ਨਿਰਧਾਰਤ ਕਰਨ। ਟਰਾਂਸਪੋਰਟਰਾਂ ਨੇ ਆਨਲਾਈਨ ਚਲਾਨ ਪ੍ਰਣਾਲੀ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਕੈਮਰਿਆਂ ਰਾਹੀਂ ਡਰਾਈਵਰਾਂ ਦੀਆਂ ਤਸਵੀਰਾਂ ਖਿੱਚ ਕੇ ਬਿਨਾਂ ਕਿਸੇ ਜਾਣਕਾਰੀ ਦੇ ਚਲਾਨ ਭੇਜ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਡਰਾਈਵਰਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਨ੍ਹਾਂ ਤੋਂ ਕਿਹੜੀ ਗਲਤੀ ਹੋਈ ਹੈ। ਇਸ ਪ੍ਰਣਾਲੀ ਦੀ ਸਮੀਖਿਆ ਕਰਕੇ ਨਾਜਾਇਜ਼ ਚਲਾਨਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਦੋਂ ਵੀ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਬੱਸਾਂ ਦੇ ਕਿਰਾਏ ਤੁਰੰਤ ਵਧਾ ਦਿੱਤੇ ਜਾਂਦੇ ਹਨ, ਪਰ ਗੁੱਡਜ਼ ਟਰਾਂਸਪੋਰਟ ਸੈਕਟਰ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਇਸ ਅਣਗਹਿਲੀ ਕਾਰਨ ਟਰਾਂਸਪੋਰਟ ਦਾ ਧੰਦਾ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਗਲੇ ਦੋ ਤੋਂ ਚਾਰ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਟਰੱਕ ਆਪਰੇਟਰਾਂ ਅਤੇ ਯੂਨੀਅਨਾਂ ਦੇ ਸਹਿਯੋਗ ਨਾਲ ਚੱਕਾ ਜਾਮ ਕਰਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਸਮੂਹ ਟਰੱਕ ਆਪਰੇਟਰਾਂ ਅਤੇ ਸਿੰਗਲ ਗੱਡੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਰਚਿਆਂ ਦਾ ਸਹੀ ਅੰਦਾਜ਼ਾ ਲਗਾ ਕੇ ਹੀ ਭਾੜਾ ਤੈਅ ਕਰਨ ਅਤੇ ਬਹੁਤ ਘੱਟ ਰੇਟਾਂ ‘ਤੇ ਗੱਡੀਆਂ ਨਾ ਚਲਾਉਣ, ਤਾਂ ਜੋ ਟਰਾਂਸਪੋਰਟ ਕਾਰੋਬਾਰ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।