ਪੰਜਾਬ ਮੁਕਤਸਰ ਦੇ ਪਿੰਡ ਵੜਿੰਗ ਦੇ ਲੋਕ ਪਾਣੀ ਨੂੰ ਤਰਸੇ/ ਪੁਲ ਲਈ ਸੜਕ ਪੁਟਦਿਆਂ ਟੁੱਟੀ ਪਾਣੀ ਵਾਲੀ ਪਾਈਪ/ 4 ਕਿਲੋਮੀਟਰ ਦੂਰੋਂ ਪਾਣੀ ਲਿਆਉਣ ਲਈ ਮਜਬੂਰ ਲੋਕ By admin - July 3, 2026 0 1 Facebook Twitter Pinterest WhatsApp ਮੁਕਤਸਰ ਨੇੜਲੇ ਪਿੰਡ ਵੜਿੰਗ ਦੇ ਵਾਸੀ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਡਾਢੇ ਪ੍ਰੇਸ਼ਾਨ ਹਨ। ਹਾਲਤ ਇਹ ਹੈ ਕਿ ਪਿੰਡ ਦੇ ਲੋਕਾਂ ਨੂੰ 4 ਕਿਲੋਮੀਟਰ ਦੂਰ ਤੋਂ ਪਾਣੀ ਲਿਆ ਕੇ ਡੰਗ ਟਪਾਉਣਾ ਪੈ ਰਿਹਾ ਹੈ। ਖਬਰਾਂ ਮੁਤਾਬਕ ਧਰਤੀ ਹੇਠਲਾਂ ਪਾਣੀ ਠੀਕ ਨਾ ਹੋਣ ਕਾਰਨ ਇਸ ਪਿੰਡ ਨੂੰ ਸਰਹੰਦ ਨਹਿਰ ਵਿਚੋਂ ਪਾਣੀ ਦੀ ਸਪਲਾਈ ਹੁੰਦੀ ਹੈ ਪਰ ਪੁਲ ਲਈ ਸੜਕ ਪੁਟਦਿਆਂ ਪਾਈਪ ਲਾਈਨ ਟੁੱਟ ਗਈ, ਜਿਸ ਕਾਰਨ ਸਪਲਾਈ ਬੰਦ ਹੋ ਗਈ ਹੈ। ਪਿੰਡ ਵਾਸੀਆਂ ਨੇ ਕੰਮ ਕਰ ਰਹੇ ਠੇਕੇਦਾਰ ਉਤੇ ਜਾਣਬੁਝ ਕੇ ਪਾਈਪ ਤੋੜਣ ਦੇ ਇਲਜ਼ਾਮ ਲਾਏ ਹਨ। ਪਿੰਡ ਵਾਸੀਆਂ ਨੇ ਸਬੰਧਤ ਠੇਕੇਦਾਰ ਖਿਲਾਫ ਕਾਰਵਾਈ ਮੰਗੀ ਹੈ। ਦੱਸਣਯੋਗ ਹੈ ਕਿ ਇਹ ਪਿੰਡ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜੱਦੀ ਪਿੰਡ ਹੈ। ਸ੍ਰੀ ਮੁਕਤਸਰ ਸਾਹਿਬ ਨੇੜੇ ਪੈਂਦੇ ਇਸ ਪਿੰਡ ਦਾ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੈ ਜਿਸ ਕਾਰਨ ਪਸ਼ੂਆਂ ਅਤੇ ਇਨਸਾਨਾਂ ਲਈ ਲੋੜੀਂਦੇ ਪਾਣੀ ਵਾਸਤੇ ਸਰਹੰਦ ਨਹਿਰ ਤੋਂ ਪਿੰਡ ਵੜਿੰਗ ਤੱਕ ਜ਼ਮੀਨਦੋਜ਼ ਪਾਈਪ ਪਾਈ ਹੈ। ਪਿੰਡ ਲਾਗੇ ਇਕ ਸੇਮ ਨਾਲੇ ਦੇ ਬਣ ਰਹੇ ਪੁਲ ਵਾਸਤੇ ਸੜਕ ਪੁੱਟਦਿਆਂ ਮਸ਼ੀਨ ਵਾਲਿਆਂ ਨੇ ਇਹ ਜ਼ਮੀਨਦੋਜ਼ ਪਾਈਪ ਤੋੜ ਦਿੱਤੀ। ਇਸ ਨਾਲ ਪਿੰਡ ਦੀ ਪਾਣੀ ਦੀ ਸਪਲਾਈ ਬੰਦ ਹੋ ਗਈ। ਅੱਤ ਦੀ ਗਰਮੀ ‘ਚ ਪਾਣੀ ਲੈਣ ਲਈ ਪਿੰਡ ਵਾਸੀ ਕਰੀਬ ਚਾਰ ਕਿਲੋਮੀਟਰ ਦੂਰ ਸਰਹੰਦ ਫੀਡਰ ਨਹਿਰ ਤੋਂ ਪੀਣ ਵਾਲਾ ਪਾਣੀ ਲਿਆਉਣ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦਾ ਇੱਕੋ-ਇੱਕ ਸਾਧਨ ਇਹੀ ਪਾਈਪ ਲਾਈਨ ਹੈ। ਇਹੀ ਪਾਣੀ ਵਾਟਰ ਵਰਕਸ ਦੀਆਂ ਡਿੱਗੀਆਂ ਵਿੱਚ ਪੈਂਦਾ ਹੈ। ਫਿਰ ਇਹੀ ਪਾਣੀ ਸਾਫ ਕਰਕੇ ਲੋਕਾਂਨੂੰ ਘਰਾਂ ਵਿੱਚ ਪੀਣ ਲਈ ਭੇਜਿਆ ਜਾਂਦਾ ਹੈ ਪਰ ਹੁਣ ਪਾਣੀ ਬੰਦ ਹੋਣ ਕਰਕੇ ਲੋਕ ਆਪੋ-ਆਪਣੇ ਸਾਧਨਾਂ ਰਾਹੀਂ ਚਾਰ ਕਿਲੋਮੀਟਰ ਦੂਰ ਤੋਂ ਸਾਰਾ ਦਿਨ ਪਾਣੀ ਢੋਂਦੇ ਹਨ। ਪਾਈਪ ਤੋੜਣ ਵਾਲਾ ਠੇਕੇਦਾਰ ਕੋਈ ਗੱਲ ਨਹੀਂ ਸੁਣਦਾ। ਪਿੰਡ ਵਾਲੇ ਆਪਣੇ ਖਰਚੇ ਤੇ ਪਾਈਪ ਪਾ ਰਹੇ ਹਨ। ਉਧਰ ਪਾਣੀ ਬੰਦ ਹੋਣ ਕਰਕੇ ਪਿੰਡ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਸੁੱਕ ਗਈਆਂ, ਜਿਸ ਕਾਰਨ ਮੱਛੀਆਂ ਮਰ ਗਈਆਂ। ਪਿੰਡ ਵਾਸੀਆਂ ਮੁਤਾਬਕ ਹੁਣ ਡਿੱਗੀਆਂ ਨੂੰ ਸਾਫ ਕਰਾਉਣ ਲਈ ਲੱਖਾਂ ਰੁਪਏ ਦਾ ਖਰਚਾ ਕਰਨਾ ਪਵੇਗਾ ਅਤੇ ਕਈ ਦਿਨ ਲੱਗ ਜਾਣਗੇ। ਅੱਤ ਦੀ ਗਰਮੀ ‘ਚ ਲੋਕਾਂ ਲਈ ਇਹ ਡਾਢੀ ਮੁਸੀਬਤ ਬਣੀ ਹੋਈ ਹੈ। ਪਿੰਡ ਦੇ ਸਰਪੰਚ ਨੇ ਵੀ ਪੁਲ ਨਾਜਾਇਜ ਪੁੱਟਣ ਤੇ ਪਾਈਪ ਲਾਈਨ ਜਾਣਬੁਝ ਕੇ ਤੋੜਣ ਦੇ ਇਲਜ਼ਾਮ ਲਾਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਠੇਕੇਦਾਰ ਦੀ ਅਣਗਹਿਲੀ ਕਾਰਨ ਪਾਣੀ ਵਾਲੇ ਪਾਣੀ ਤੋਂ ਇਲਾਵਾ ਆਉਂਦੇ ਬਰਸਾਤਾਂ ਦੇ ਸੀਜਨ ਦੌਰਾਨ ਉਨ੍ਹਾਂ ਦੇ 400 ਏਕੜ ਫਸਲਾਂ ਤਬਾਹ ਹੋਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।