ਪੰਜਾਬ ਮਲੋਟ ’ਚ ਨਹਿਰੀ ਪਾਣੀ ਦੀ ਕਿੱਲਤ ਤੋਂ ਕਿਸਾਨ ਖਫਾ/ 1500 ਏਕੜ ਰਕਬਾ ਖਾਲੀ ਰਹਿਣ ਦੇ ਖਦਸ਼ਾ/ ਨਹਿਰੀ ਪਾਣੀ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ By admin - July 3, 2026 0 1 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਅੰਦਰ ਟੇਲਾਂ ਤੱਕ ਪੂਰਾ ਨਹਿਰੀ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਸਥਿਤੀ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਮਲੋਟ ਦੇ ਸਰਹੰਦ ਫੀਡਰ ਤੋਂ ਨਿਕਲਣ ਵਾਲੇ ਮੋਘੇ ‘ਤੇ ਪਾਣੀ ਦੀ ਭਾਰੀ ਕਿੱਲਤ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਦੀ ਕਗਾਰ ‘ਤੇ ਹਨ। ਇਸੇ ਨੂੰ ਲੈ ਕੇ ਮਲੋਟ ਸਰਹੰਦ ਫੀਡਰ ਦੇ ਅਧੀਨ ਆਉਂਦੇ ਕਿਸਾਨਾਂ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਤੋਂ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ ਹੋਈ, ਜਿਸ ਕਾਰਨ ਲਗਭਗ 1500 ਏਕੜ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਾਣੀ ਨਾ ਮਿਲਣ ਕਾਰਨ ਨਰਮੇ ਦੀ ਬਿਜਾਈ ਅਤੇ ਝੋਨੇ ਦੀ ਲਵਾਈ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ ਅਤੇ ਕਿਸਾਨਾਂ ਦੇ ਖੇਤ ਵਿਹਲੇ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਹਨ ਕਿ ਟੇਲਾਂ ਤੱਕ ਪੂਰਾ ਪਾਣੀ ਪਹੁੰਚਾਇਆ ਜਾਵੇਗਾ, ਪਰ ਅਸੀਂ ਅਫ਼ਸਰਾਂ ਅਤੇ ਮੰਤਰੀ ਬਲਜੀਤ ਕੌਰ ਦੇ ਕਈ ਚੱਕਰ ਕੱਟ ਚੁੱਕੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਪਿੱਛੋਂ ਮੋਘੇ ਟੁੱਟੇ ਹੋਏ ਹਨ, ਜਿਸ ਕਾਰਨ ਸਾਡੇ ਤੱਕ ਪਾਣੀ ਨਹੀਂ ਪਹੁੰਚ ਰਿਹਾ। ਸਾਡੀ ਮੰਗ ਹੈ ਕਿ ਹਫ਼ਤੇ ਲਈ ਸੂਆ ਬੰਦ ਕਰਕੇ ਸਾਰੇ ਮੋਘਿਆਂ ਦੀ ਜਾਂਚ ਕੀਤੀ ਜਾਵੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਪਿੱਛੋਂ ਕੁਝ ਲੋਕਾਂ ਵੱਲੋਂ ਮੋਘਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਤੇ ਸਿਆਸੀ ਪਹੁੰਚ ਕਾਰਨ ਟੁੱਟੇ ਹੋਏ ਮੋਘੇ ਦੁਬਾਰਾ ਖੋਲ੍ਹ ਦਿੱਤੇ ਜਾਂਦੇ ਹਨ। ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਵੀ ਖਾਰਾ ਹੈ, ਜਿਸ ਕਾਰਨ ਕਿਸਾਨ ਪੂਰੀ ਤਰ੍ਹਾਂ ਨਹਿਰੀ ਪਾਣੀ ‘ਤੇ ਹੀ ਨਿਰਭਰ ਹਨ। ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਹੁਣ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਨਜ਼ਰ ਆ ਰਿਹਾ ਹੈ। ਇਹ 1500 ਏਕੜ ਦੀ ਟੇਲ ਹੈ, ਜਿੱਥੇ ਅਪ੍ਰੈਲ ਤੋਂ ਪਾਣੀ ਨਹੀਂ ਆਇਆ। ਨਰਮੇ ਦੀ ਰੌਣੀ ਤੱਕ ਨਹੀਂ ਹੋ ਸਕੀ। ਕਿਸਾਨਾਂ ਦਾ ਇਲਜਾਮ ਹੈ ਕਿ ਅਸੀਂ ਖੁਦ ਆਪਣੇ ਖਰਚੇ ‘ਤੇ ਨਹਿਰ ਦੀ ਸਫਾਈ ਕਰਵਾਈ ਹੈ, ਪਰ ਅਫ਼ਸਰਸ਼ਾਹੀ ਬਿਲਕੁਲ ਨਾਕਾਮ ਸਿੱਧ ਹੋ ਰਹੀ ਹੈ। ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਅਤੇ ਸਬੰਧਤ ਵਿਭਾਗ ਨੇ ਜਲਦੀ ਹੀ ਮੋਘਿਆਂ ਦੀ ਜਾਂਚ ਕਰਵਾ ਕੇ ਟੇਲਾਂ ਤੱਕ ਪਾਣੀ ਨਾ ਪਹੁੰਚਾਇਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਨ੍ਹਾਂ ਬੇਵੱਸ ਕਿਸਾਨਾਂ ਦੀ ਪੁਕਾਰ ਕਦੋਂ ਸੁਣਦਾ ਹੈ।